ਥਰਮਾਮੀਟਰ ਨਾਲ ਪ੍ਰਦੂਸ਼ਣ ਮਾਪਣਾ...’,‘ਆਪ’ ਵੱਲੋਂ ਰੇਖਾ ਗੁਪਤਾ ਦਾ ਮਜ਼ਾਕ
ਆਮ ਆਦਮੀ ਪਾਰਟੀ (ਆਪ) ਨੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦੇ ਉਸ ਦਾਅਵੇ ’ਤੇ ਚੁਟਕੀ ਲਈ ਜਿਸ ਵਿੱਚ ਉਨ੍ਹਾਂ ਨੇ ਏਕਿਊਆਈ (AQI) ਅਤੇ ਤਾਪਮਾਨ ਨੂੰ ਇੱਕੋ ਜਿਹਾ ਦੱਸਿਆ ਸੀ।
‘ਆਪ’ ਵਿਧਾਇਕ ਸੰਜੀਵ ਝਾਅ ਅਤੇ ਦਿੱਲੀ ਪ੍ਰਧਾਨ ਸੌਰਭ ਭਾਰਦਵਾਜ ਨੇ ਐਕਸ ’ਤੇ ਇੱਕ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਝਾਅ ਨੂੰ ਥਰਮਾਮੀਟਰ ਨਾਲ AQI ਮਾਪਦੇ ਹੋਏ ਦਿਖਾਇਆ ਗਿਆ ਹੈ, ਜਦੋਂਕਿ ਭਾਰਦਵਾਜ ਹੈਰਾਨੀ ਪ੍ਰਗਟ ਕਰਦੇ ਹਨ। ਉਹ ਕਹਿੰਦੇ ਹਨ ਕਿ ਦਿੱਲੀ ਦੇ ਲੋਕ ਹੁਣ ਥਰਮਾਮੀਟਰ ਨਾਲ ਪ੍ਰਦੂਸ਼ਣ ਮਾਪ ਰਹੇ ਹਨ।
ਦਰਅਸਲ, ਗੁਪਤਾ ਨੇ ਇੱਕ ਸਮਾਗਮ ਵਿੱਚ ਪ੍ਰਦੂਸ਼ਣ ਬਾਰੇ ਗੱਲ ਕਰਦਿਆਂ ਗਲਤੀ ਨਾਲ AQI ਨੂੰ ਤਾਪਮਾਨ ਕਿਹਾ ਸੀ।
ਇਸ ਮਜ਼ਾਕ ਦੇ ਜਵਾਬ ਵਿੱਚ, ਦਿੱਲੀ ਭਾਜਪਾ ਦੇ ਬੁਲਾਰੇ ਪ੍ਰਵੀਨ ਸ਼ੰਕਰ ਕਪੂਰ ਨੇ ਕਿਹਾ ਕਿ ਦਿੱਲੀ ਦੇ ਲੋਕ ਇਸ ਗੱਲ ਤੋਂ ਹੈਰਾਨ ਹਨ ਕਿ ‘ਆਪ’ ਦੇ ਆਗੂ ਅਰਵਿੰਦ ਕੇਜਰੀਵਾਲ, ਸੌਰਭ ਭਾਰਦਵਾਜ ਅਤੇ ਸੰਜੀਵ ਝਾਅ ਮੁੱਖ ਮੰਤਰੀ ਦਾ ਮਜ਼ਾਕ ਉਡਾ ਰਹੇ ਹਨ।
ਕਪੂਰ ਨੇ ਕਿਹਾ, “ ਦਿੱਲੀ ਦੇ ਲੋਕ ਇਨ੍ਹਾਂ ‘ਆਪ’ ਆਗੂਆਂ ਤੋਂ ਪੁੱਛਣਾ ਚਾਹੁੰਦੇ ਹਨ ਕਿ ਜੇ ਉਹ ਇੱਕ ਛੋਟੀ ਜਿਹੀ ਗਲਤੀ ’ਤੇ ਮੁੱਖ ਮੰਤਰੀ ਦਾ ਮਜ਼ਾਕ ਉਡਾ ਰਹੇ ਹਨ, ਤਾਂ ਉਨ੍ਹਾਂ ਨੂੰ ਪਹਿਲਾਂ ਕੇਜਰੀਵਾਲ ਦੁਆਰਾ ਪਿਛਲੇ ਸਾਲਾਂ ਵਿੱਚ ਮੁੱਖ ਮੰਤਰੀ ਵਜੋਂ ਕੀਤੀਆਂ ਗਈਆਂ ਗੰਭੀਰ ਗਲਤੀਆਂ ਦਾ ਜਵਾਬ ਦੇਣਾ ਚਾਹੀਦਾ ਹੈ।”
ਭਾਜਪਾ ਆਗੂ ਨੇ ਕਿਹਾ ਕਿ ‘ਆਪ’ ਲਈ ਬਿਹਤਰ ਹੋਵੇਗਾ ਕਿ ਉਹ ਮੁੱਖ ਮੰਤਰੀ ਤੋਂ ਮੁਆਫੀ ਮੰਗੇ, ਨਹੀਂ ਤਾਂ ਪਿਛਲੀਆਂ ਅਸੈਂਬਲੀ ਅਤੇ ਨਗਰ ਨਿਗਮ ਦੀਆਂ ਉਪ-ਚੋਣਾਂ ਨਾਲੋਂ ਵੀ ਬੁਰੀ ਹਾਰ ਲਈ ਤਿਆਰ ਰਹੇ।
