ਸ਼ਹੀਦੀ ਪੁਰਬ: ਧਰਮ ਰੱਖਿਅਕ ਯਾਤਰਾ ਗੁਰੂ ਹਰਿਕ੍ਰਿਸ਼ਨ ਨਗਰ ਪਹੁੰਚੀ
ਗੁਰੂ ਤੇਗ ਬਹਾਦਰ ਦੇ ਸ਼ਹੀਦੀ ਪੁਰਬ ਅਤੇ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਆਰੰਭ ਹੋਈ ‘ਧਰਮ ਰੱਖਿਅਕ ਯਾਤਰਾ’ ਨਗਰ ਕੀਰਤਨ ਦੇ ਰੂਪ ਵਿੱਚ ਅੱਜ ਗੁਰਦੁਆਰਾ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਤੋਂ ਆਰੰਭ ਹੋ ਕੇ ਦੇਰ ਸ਼ਾਮ ਆਪਣੇ ਅਗਲੇ ਪੜਾਅ ਗੁਰੂ ਹਰਿਕ੍ਰਿਸ਼ਨ ਨਗਰ ਵਿੱਚ ਪਹੁੰਚੀ ਜਿੱਥੇ ਰਾਤ ਦੇ ਵਿਸ਼ਰਾਮ ਲਈ ਯਾਤਰਾ ਦਾ ਠਹਿਰਾਅ ਕੀਤਾ। ਗੁਰਦੁਆਰਾ ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਹਿ ਸਿੰਘ ਤੋਂ ਆਰੰਭ ਹੋ ਕੇ ਇਹ ਯਾਤਰਾ ਤਿਲਕ ਨਗਰ ਮੈਟਰੋ ਸਟੇਸ਼ਨ, ਡਿਸਟ੍ਰਿਕ ਸੈਂਟਰ ਜਨਕਪੁਰੀ, ਉੱਤਮ ਨਗਰ ਮੈਟਰੋ ਸਟੇਸ਼ਨ ਤੋਂ ਯੂ-ਟਰਨ, ਵਿਕਾਸਪੁਰੀ ਮੋੜ, ਵਿਕਾਸਪੁਰੀ ਡੀ ਬਲਾਕ, ਗੁਰਦੁਆਰਾ ਸਾਹਿਬ ਸੀ ਬਲਾਕ, ਬਾਹਰੀ ਰਿੰਗ ਰੋਡ, ਪੋਸਟ੍ਰੀ ਪੈਲੇਸ, ਮਨੋਹਰ ਨਗਰ, ਕਾਬਲੀ ਚੌਕ, 20 ਬਲਾਕ ਗੁਰਦੁਆਰਾ ਸਾਹਿਬ, ਪ੍ਰਿਥਵੀ ਪਾਰਕ ਤੋਂ ਸ਼ਮਸ਼ਾਨਘਾਟ ਰੋਡ, ਸਾਹਿਬਪੁਰਾ, ਅਗਰਵਾਸ ਸਵੀਟਸ, ਸੰਤ ਨਗਰ ਐਕਸ, ਚੌਖੰਡੀ, ਬੱਸ ਸਟੈਂਡ, ਕੇਸ਼ੋਪੁਰ ਮੰਡੀ, ਬਾਹਰੀ ਰਿੰਗ ਰੋਡ, ਸੀ ਆਰ ਪੀ ਐਫ ਕੈਂਪ, ਕੇਸ਼ੋਪੁਰ ਗਾਂਵ ਰੋਡ, ਖੰਡਾ ਚੌਕ, ਗੁਰੂ ਨਾਨਕ ਵਿਹਾਰ, ਮੇਨ ਰੋਡ ਚੰਦਰ ਵਿਆਰ ਅਗਰਵਾਲ ਚੌਕ ਤੋਂ ਹੁੰਦੀ ਹੋਈ ਗੁਰੂ ਹਰਿਕ੍ਰਿਸ਼ਨ ਨਗਰ ਵਿੱਚ ਪਹੁੰਚੀ। ਦਿੱਲੀ ਦੀ ਸੰਗਤ ਨੇ ਯਾਤਰਾ ਦਾ ਹਰ ਥਾਂ ਨਿੱਘਾ ਸਵਾਗਤ ਕੀਤਾ।
ਸ਼ਹੀਦੀ ਪੁਰਬ ਨੂੰ ਸਮਰਪਿਤ ਚੌਥਾ ਨਗਰ ਕੀਰਤਨ ਸ਼ੁਰੂ
ਯਮੁਨਾਨਗਰ (ਪੱਤਰ ਪ੍ਰੇਰਕ): ਗੁਰੂ ਤੇਗ ਬਹਾਦਰ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਚੌਥਾ ਨਗਰ ਕੀਰਤਨ ਹਰਿਆਣਾ ਦੇ ਯਮੁਨਾਨਗਰ ਜ਼ਿਲ੍ਹੇ ਦੇ ਸਢੌਰਾ ਤੋਂ ਸਜਾਇਆ ਗਿਆ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਗੁਰਦੁਆਰਾ ਡਿਓਢੀ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਦੇ ਹੋਏ, ਗੁਰੂ ਤੇਗ ਬਹਾਦਰ ਦੀ ਤਪੱਸਿਆ ਅਤੇ ਕੁਰਬਾਨੀ ਦਾ ਸੰਦੇਸ਼ ਜਨਤਾ ਤੱਕ ਫੈਲਾਉਣ ਦਾ ਸੱਦਾ ਦਿੱਤਾ। ਇਸ ਦੌਰਾਨ ਮੁੱਖ ਮੰਤਰੀ ਨੇ ਗੁਰਦੁਆਰੇ ਨੂੰ 31 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਤੇਗ ਬਹਾਦਰ ਦੇ ਸ਼ਹੀਦੀ ਪੁਰਬ ਨੂੰ ਵੱਡੇ ਪੱਧਰ ’ਤੇ ਮਨਾ ਰਹੇ ਹਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਮਨੁੱਖਤਾ, ਧਰਮ ਅਤੇ ਦੇਸ਼ ਦੀ ਰੱਖਿਆ ਲਈ ਕੁਰਬਾਨੀ ਦਿੱਤੀ ਸੀ। ਇਸ ਨੂੰ ਹਰ ਵਿਅਕਤੀ ਤੱਕ ਪਹੁੰਚਾਉਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਵਿਲੱਖਣ ਹੈ।
