ਸ਼ਹੀਦੀ ਦਿਹਾੜਾ: ਦਿੱਲੀ ਕਮੇਟੀ ਵੱਲੋਂ ਸਾਈਕਲ ਰੈਲੀ
ਗੁਰੂ ਤੇਗ ਬਹਾਦਰ ਜੀ ਦੇ ਅਤੇ ਉਨ੍ਹਾਂ ਦੇ ਨਾਲ ਸ਼ਹੀਦ ਹੋਏ ਗੁਰਸਿੱਖ ਭਾਈ ਮਤੀ ਦਾਸ, ਭਾਈ ਸਤੀ ਦਾਸ, ਤੇ ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ‘ਸਰਬੱਤ ਦਾ ਭਲਾ ਸਾਈਕਲ ਰਾਈਡ’ (ਸਾਈਕਲ ਰੈਲੀ) ਕੱਢੀ ਗਈ। ਇਹ ਰੈਲੀ ਸਵੇਰੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਇੰਡੀਆ ਗੇਟ ਤੋਂ ਸ਼ੁਰੂ ਹੋਈ ਤੇ ਇੰਡੀਆ ਗੇਟ ਸਰਕਲ, ਅਸ਼ੋਕ ਰੋਡ, ਗੁਰਦੁਆਰਾ ਬੰਗਲਾ ਸਾਹਿਬ ਤੋਂ ਹੁੰਦੀ ਹੋਈ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਪਹੁੰਚ ਕੇ ਸਮਾਪਤ ਹੋਈ। ਇਸ ਰਾਈਡ ਵਿੱਚ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਤੇ ਧਰਮ ਪ੍ਰਚਾਰ ਵਿੰਗ ਦੇ ਮੁਖੀ ਜਸਪ੍ਰੀਤ ਸਿੰਘ ਕਰਮਸਰ ਨੇ ਹਿੱਸਾ ਲਿਆ। ਸਾਈਕਲ ਸਵਾਰਾਂ ਨੇ ਹਰੇ ਰੰਗ ਦੀ ਜਰਸੀ ਪਾਈ ਹੋਈ ਸੀ ਤੇ ਅਨੁਸ਼ਾਸ਼ਨ ਵਿੱਚ ਰਹਿੰਦੇ ਹੋਏ ਉਹ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਪਹੁੰਚੇ ਤੇ ਗੁਰੂ ਤੇਗ ਬਹਾਦਰ ਜੀ ਦੇ ਨਾਵ ਸਬੰਧਿਤ ਇਤਿਹਾਸਿਕ ਸਥਾਨ ਵਿਖੇ ਨਤਮਸਤਕ ਹੋਏ। ਦਿੱਲੀ ਕਮੇਟੀ ਦੇ ਦੋਵਾਂ ਆਗੂਆਂ ਨੇ ਦੱਸਿਆ ਕਿ ਨਵੀਂ ਪੀੜ੍ਹੀ ਨੂੰ ਅਮੀਰ ਸਿੱਖ ਵਿਰਸੇ ਤੋਂ ਜਾਣੂ ਕਰਾਉਣ ਤੇ ਬੱਚਿਆਂ ਵਿੱਚ ਚੇਤਨਾ, ਉਤਸ਼ਾਹ ਤੇ ਨਿਰੋਗ ਰਹਿਣ ਦੇ ਸੰਦੇਸ਼ ਲਈ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਜਾਂਦੇ ਹਨ। ਉਨ੍ਹਾਂ ਸਾਈਕਲ ਰੈਲੀ ਵਿੱਚ ਹਿੱਸਾ ਲੈਣ ਵਾਲੇ ਸਾਰੇ ਸਾਈਕਲ ਸਵਾਰਾਂ ਦਾ ਧੰਨਵਾਦ ਕੀਤਾ। ਸਾਈਕਲ ਰੈਲੀ ਵਿੱਚ ਕਈ ਸਾਈਕਲ ਖਿਡਾਰੀਆਂ ਨੇ ਵੀ ਹਿੱਸਾ ਲਿਆ। ਇਸ ਰੈਲੀ ਵਿੱਚ ਸ਼ਾਮਿਲ ਹੋਣ ਵਾਲੇ ਸਾਈਕਲਇਸਟ ਜਗਦੀਪ ਸਿੰਘ ਪੁਰੀ ਨੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਨੌਜਵਾਨਾਂ ਲਈ ਸਾਰਥਕ ਸਾਬਿਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਅਕਸਰ ਹੋਣੇ ਚਾਹੀਦੇ ਹਨ।
