ਸ਼ਹੀਦੀ ਸ਼ਤਾਬਦੀ: ਸਰਬ ਧਰਮ ਸੰਮੇਲਨ 20 ਨੂੰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਤੇਗ ਬਹਾਦਰ ਜੀ ਅਤੇ ਉਨ੍ਹਾਂ ਦੇ ਨਾਲ ਸ਼ਹੀਦ ਹੋਏ ਗੁਰਸਿੱਖ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ‘ਸਰਬ ਧਰਮ ਸੰਮੇਲਨ’ ਸ਼ਨਿਚਰਵਾਰ, 20 ਸਤੰਬਰ 2025 ਨੂੰ ਸਵੇਰੇ 10 ਵਜੇ ਤੋਂ ਆਈ.ਸੀ.ਏ.ਆਰ. ਕਨਵੈਂਸ਼ਨ ਸੈਂਟਰ, ਪੂਸਾ ਰੋਡ, ਟੋਡਾਪੁਰ, ਨਵੀਂ ਦਿੱਲੀ ਵਿੱਚ ਕਰਵਾਇਆ ਜਾ ਰਿਹਾ ਹੈ। ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਸਰਬ ਧਰਮ ਸੰਮੇਲਨ ਵਿਚ ਵੱਖ-ਵੱਖ ਧਰਮਾਂ ਦੀਆਂ ਸ਼ਖ਼ਸੀਅਤਾਂ ਸ਼ਮੂਲੀਅਤ ਕਰਨਗੀਆਂ ਅਤੇ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਨਗੀਆਂ। ਉਨ੍ਹਾਂ ਦੱਸਿਆ ਕਿ ਸਰਬ ਧਰਮ ਸੰਮੇਲਨ ਦੀ ਤਿਆਰੀ ਮੁਕੰਮਲ ਕਰ ਲਈ ਗਈ ਹੈ। ਇਸ ਸੰਮੇਲਨ ਵਾਸਤੇ ਮੈਂਬਰਾਂ ਦੀ ਡਿਊਟੀ ਵੀ ਲਗਾ ਦਿੱਤੀ ਗਈ ਹੈ ਜੋ ਆਪੋ-ਆਪਣੇ ਹਲਕਿਆਂ ਤੋਂ ਸੰਗਤ ਨੂੰ ਲਿਆਉਣ ਵਾਸਤੇ ਤਾਲਮੇਲ ਕਰਨਗੇ। ਉਨ੍ਹਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ ਕਿ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਪ੍ਰੋਗਰਾਮ 25 ਨਵੰਬਰ ਤਕ ਲਗਾਤਾਰ ਚੱਲਣਗੇ ਤੇ 23 ਤੋਂ 25 ਨਵੰਬਰ ਤਕ ਲਾਲ ਕਿਲ੍ਹੇ ’ਤੇ ਵਿਸ਼ਾਲ ਤੇ ਯਾਦਗਾਰੀ ਸਮਾਗਮ ਹੋਣਗੇ ਜਿਸ ਵਿਚ ਦੇਸ਼ ਦੀ ਸਿਖ਼ਰਲੀ ਲੀਡਰਸ਼ਿਪ ਵੀ ਸ਼ਮੂਲੀਅਤ ਕਰੇਗੀ। ਉਨ੍ਹਾਂ ਕਿਹਾ ਕਿ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵੱਖ-ਵੱਖ ਨਗਰ ਕੀਰਤਨ ਵੀ ਦੇਸ਼ ਦੇ ਵੱਖ-ਵੱਖ ਭਾਗਾਂ ਤੋਂ ਕੌਮੀ ਰਾਜਧਾਨੀ ਪਹੁੰਚ ਰਹੇ ਹਨ, ਜਿਨ੍ਹਾਂ ਦਾ ਦਿੱਲੀ ਦੀ ਸੰਗਤ ਨਾਲ ਰਲ ਕੇ ਦਿੱਲੀ ਗੁਰਦੁਆਰਾ ਕਮੇਟੀ ਭਰਵਾਂ ਸਵਾਗਤ ਕਰੇਗੀ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਯਾਦਗਾਰੀ ਪ੍ਰੋਗਰਾਮਾਂ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਮੂਲੀਅਤ ਕਰਨ।