ਧਨਤੇਰਸ ’ਤੇ ਬਾਜ਼ਾਰਾਂ ’ਚ ਰੌਣਕ, ਖ਼ਰੀਦਦਾਰੀ ਨੇ ਰਿਕਾਰਡ ਤੋੜੇ
ਧਨਤੇਰਸ ਦੇ ਪਵਿੱਤਰ ਅਤੇ ਸ਼ੁਭ ਮੌਕੇ ’ਤੇ ਅੱਜ ਕੌਮੀ ਰਾਜਧਾਨੀ ਦਿੱਲੀ ਦੇ ਬਾਜ਼ਾਰਾਂ ਵਿੱਚ ਖਰੀਦਦਾਰਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ ਅਤੇ ਚਾਰੇ ਪਾਸੇ ਤਿਉਹਾਰੀ ਰੌਣਕ ਦਾ ਮਾਹੌਲ ਰਿਹਾ। ਸਵੇਰ ਤੋਂ ਹੀ ਲੋਕ ਸ਼ੁਭ ਮਹੂਰਤ ਵਿੱਚ ਖਰੀਦਦਾਰੀ ਕਰਨ ਦੇ ਉਤਸ਼ਾਹ ਨਾਲ ਬਾਜ਼ਾਰਾਂ, ਮਾਲਾਂ ਅਤੇ ਸ਼ੋਅਰੂਮਾਂ ਵੱਲ ਵਹੀਰਾਂ ਘੱਤ ਰਹੇ ਸਨ। ਇਸ ਮੌਕੇ ਲੋਕਾਂ ਨੇ ਰਵਾਇਤੀ ਤੌਰ ’ਤੇ ਸੋਨਾ, ਚਾਂਦੀ, ਭਾਂਡੇ ਅਤੇ ਸਿੱਕਿਆਂ ਦੀ ਖਰੀਦਦਾਰੀ ਤਾਂ ਕੀਤੀ ਹੀ, ਨਾਲ ਹੀ ਵੱਡੀ ਗਿਣਤੀ ਵਿੱਚ ਨਵੇਂ ਮੋਬਾਈਲ ਫ਼ੋਨ, ਸਮਾਰਟ ਟੈਲੀਵਿਜ਼ਨ, ਫਰਿੱਜ ਅਤੇ ਹੋਰ ਇਲੈਕਟ੍ਰਾਨਿਕ ਸਮਾਨ ਦੀ ਵੀ ਜੰਮ ਕੇ ਖਰੀਦਦਾਰੀ ਕੀਤੀ।
ਇਸ ਵਾਰ ਖਰੀਦਦਾਰੀ ’ਤੇ ਜੀ ਐੱਸ ਟੀ ਦੀਆਂ ਘਟੀਆਂ ਦਰਾਂ ਦਾ ਸਪੱਸ਼ਟ ਅਸਰ ਦਿਖਾਈ ਦਿੱਤਾ। ਵਪਾਰੀਆਂ ਅਨੁਸਾਰ ਲੋਕਾਂ ਨੇ ਪਿਛਲੇ ਸਾਲ ਦੇ ਮੁਕਾਬਲੇ ਲਗਭਗ 20 ਤੋਂ 30 ਫੀਸਦੀ ਤੱਕ ਵੱਧ ਖਰੀਦਦਾਰੀ ਕੀਤੀ, ਜਿਸ ਨਾਲ ਬਾਜ਼ਾਰਾਂ ਵਿੱਚ ਖੁਸ਼ੀ ਦੀ ਲਹਿਰ ਹੈ। ਚਾਂਦਨੀ ਚੌਕ, ਲਾਜਪਤ ਨਗਰ, ਰਾਜੌਰੀ ਗਾਰਡਨ, ਸਰੋਜਨੀ ਨਗਰ, ਨਹਿਰੂ ਪਲੇਸ ਅਤੇ ਕਰੋਲ ਬਾਗ ਵਰਗੇ ਸ਼ਹਿਰ ਦੇ ਪ੍ਰਮੁੱਖ ਬਾਜ਼ਾਰ ਸਵੇਰ ਤੋਂ ਹੀ ਖਰੀਦਦਾਰਾਂ ਨਾਲ ਭਰੇ ਹੋਏ ਸਨ। ਕਈ ਸਥਾਨਕ ਦੁਕਾਨਦਾਰਾਂ ਨੇ ਦੱਸਿਆ ਕਿ ਗਾਹਕਾਂ ਦਾ ਉਤਸ਼ਾਹ ਇੰਨਾ ਜ਼ਿਆਦਾ ਸੀ ਕਿ ਉਨ੍ਹਾਂ ਨੇ ਆਪਣੀ ਪਸੰਦ ਦੀਆਂ ਚੀਜ਼ਾਂ ਇੱਕ ਮਹੀਨਾ ਪਹਿਲਾਂ ਹੀ ਬੁੱਕ ਕਰਵਾ ਲਈਆਂ ਸਨ।
ਇਲੈਕਟ੍ਰਾਨਿਕ ਸਟੋਰਾਂ ਦੇ ਅੰਦਰ ਸਮਾਰਟਫੋਨ ਅਤੇ ਸਮਾਰਟ ਟੀਵੀ ਦੇ ਕਾਊਂਟਰਾਂ ’ਤੇ ਸਭ ਤੋਂ ਵੱਧ ਭੀੜ ਨਜ਼ਰ ਆਈ। ਵੱਡੇ ਬ੍ਰਾਂਡਾਂ ਵੱਲੋਂ ਦਿੱਤੀਆਂ ਜਾ ਰਹੀਆਂ ਤਿਉਹਾਰੀ ਪੇਸ਼ਕਸ਼ਾਂ, ‘ਇੱਕ ਖਰੀਦੋ ਇੱਕ ਮੁਫ਼ਤ’ ਵਰਗੀਆਂ ਸਕੀਮਾਂ ਅਤੇ ਭਾਰੀ ਛੋਟਾਂ ਨੇ ਗਾਹਕਾਂ ਨੂੰ ਖੂਬ ਆਕਰਸ਼ਿਤ ਕੀਤਾ। ਇਸੇ ਤਰ੍ਹਾਂ ਆਟੋਮੋਬਾਈਲ ਸੈਕਟਰ ਵਿੱਚ ਵੀ ਭਾਰੀ ਉਛਾਲ ਦੇਖਿਆ ਗਿਆ। ਸ਼ੋਅਰੂਮਾਂ ਵਿੱਚ ਲੋਕ ਆਪਣੇ ਨਵੇਂ ਮੋਟਰਸਾਈਕਲਾਂ, ਸਕੂਟਰਾਂ ਅਤੇ ਕਾਰਾਂ ਦੀ ਡਿਲੀਵਰੀ ਲੈਣ ਲਈ ਪਹੁੰਚੇ ਹੋਏ ਸਨ ਅਤੇ ਕਈ ਪਰਿਵਾਰ ਇਸ ਸ਼ੁਭ ਦਿਨ ‘ਤੇ ਆਪਣੇ ਨਵੇਂ ਵਾਹਨ ਘਰ ਲਿਜਾ ਰਹੇ ਸਨ। ਮਠਿਆਈਆਂ ਅਤੇ ਤੋਹਫ਼ਿਆਂ ਦੀਆਂ ਦੁਕਾਨਾਂ ‘ਤੇ ਵੀ ਦੇਰ ਰਾਤ ਤੱਕ ਭੀੜ ਬਣੀ ਰਹੀ।
ਧਾਰਮਿਕ ਮਾਨਤਾਵਾਂ ਅਨੁਸਾਰ ਇਸ ਸਾਲ ਧਨਤੇਰਸ ’ਤੇ ਦੋ ਸ਼ੁਭ ਸੰਯੋਗ ਬਣ ਰਹੇ ਸਨ, ਜਿਸ ਕਾਰਨ ਖਰੀਦਦਾਰੀ ਦਾ ਮਹੱਤਵ ਹੋਰ ਵੀ ਵੱਧ ਗਿਆ। ਪੰਡਿਤਾਂ ਅਨੁਸਾਰ ਸ਼ਾਮ 5:48 ਵਜੇ ਤੋਂ ਰਾਤ 10:33 ਵਜੇ ਤੱਕ ਖਰੀਦਦਾਰੀ ਦਾ ਸਮਾਂ ਬੇਹੱਦ ਸ਼ੁਭ ਮੰਨਿਆ ਗਿਆ। ਇਸ ਦੌਰਾਨ ਲੋਕਾਂ ਨੇ ਭਗਵਾਨ ਧਨਵੰਤਰੀ ਦੀ ਪੂਜਾ ਵੀ ਕੀਤੀ।
ਇਸ ਭਾਰੀ ਭੀੜ ਨੂੰ ਕਾਬੂ ਕਰਨ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਦਿੱਲੀ ਪੁਲੀਸ ਅਤੇ ਟਰੈਫਿਕ ਵਿਭਾਗ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਪ੍ਰਮੁੱਖ ਬਾਜ਼ਾਰਾਂ ਦੇ ਆਲੇ-ਦੁਆਲੇ ਵਾਧੂ ਪੁਲੀਸ ਬਲ ਤਾਇਨਾਤ ਕੀਤਾ ਗਿਆ ਸੀ ਅਤੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕਈ ਥਾਵਾਂ ’ਤੇ ਆਰਜ਼ੀ ਪਾਰਕਿੰਗ ਦੀ ਸਹੂਲਤ ਵੀ ਦਿੱਤੀ ਗਈ।