ਓਮਾਨ ’ਤੇ ਜਵਾਲਾਮੁਖੀ ਸੁਆਹ ਉਡਣ ਕਾਰਨ ਕਈ ਉਡਾਣਾਂ ਰੱਦ
ਡੀਜੀਸੀਏ ਵੱਲੋਂ ਏਅਰਲਾਈਨਾਂ ਤੇ ਹਵਾਈ ਅੱਡਿਆਂ ਲੲੀ ਦਿਸ਼ਾ-ਨਿਰਦੇਸ਼ ਜਾਰੀ
ਇਥੋਪੀਆ ਵਿਚ ਜਵਾਲਾਮੁਖੀ ਫਟਣ ਤੋਂ ਬਾਅਦ ਸਿਵਲ ਏਵੀਏਸ਼ਨ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੇ ਅੱਜ ਸ਼ਾਮ ਸਾਰੀਆਂ ਭਾਰਤੀ ਏਅਰਲਾਈਨਾਂ ਨੂੰ ਕਿਹਾ ਹੈ ਕਿ ਓਮਾਨ ਖਿੱਤੇ ਵਿਚ ਅੱਗੇ ਦੇ ਗੋਲੇ ਤੇ ਸੁਆਹ ਉਡ ਰਹੀ ਹੈ ਜਿਸ ਕਾਰਨ ਮਾਹੌਲ ਹਵਾਈ ਉਡਾਣਾਂ ਲਈ ਸਾਜ਼ਗਾਰ ਨਹੀਂ ਹੈ। ਇਸ ਕਾਰਨ ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਮਸਕਟ ਫਲਾਈਟ ਇਨਫਰਮੇਸ਼ਨ ਰੀਜਨ (ਐਫਆਈਆਰ) ਉੱਤੇ ਜਵਾਲਾਮੁਖੀ ਦੀ ਸੁਆਹ ਉਡ ਰਹੀ ਹੈ। ਰੈਗੂਲੇਟਰ ਨੇ ਪੁਸ਼ਟੀ ਕੀਤੀ ਕਿ ਟੂਲੂਸ ਅਤੇ ਏਅਰਪੋਰਟ ਅਥਾਰਟੀ ਆਫ ਇੰਡੀਆ (ਏਏਆਈ) ਨੇ ਇੱਕ ਜਵਾਲਾਮੁਖੀ ਸਬੰਧੀ ਇਹਤਿਆਤ ਵਰਤਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਇਸ ਰੂਟ ਦੀ ਥਾਂ ਹੋਰ ਰਸਤਿਆਂ ਦੀ ਵਰਤੋਂ ਕਰਨ ਲਈ ਕਿਹਾ ਹੈ।
ਡੀਜੀਸੀਏ ਅਨੁਸਾਰ ਏਅਰਲਾਈਨਾਂ ਨੂੰ ਜਵਾਲਾਮੁਖੀ ਸੁਆਹ ਦੇ ਮੱਦੇਨਜ਼ਰ ਅਪਰੇਸ਼ਨ ਮੈਨੂਅਲ ਦੀ ਪੂਰੀ ਸਮੀਖਿਆ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਸਾਰੇ ਸਬੰਧਤ ਸਟਾਫ ਨੂੰ ਪੂਰੀ ਤਰ੍ਹਾਂ ਜਾਣਕਾਰੀ ਦਿੱਤੀ ਜਾਵੇ। ਰੈਗੂਲੇਟਰ ਨੇ ਜ਼ੋਰ ਦੇ ਕੇ ਕਿਹਾ ਕਿ ਨਿਰਧਾਰਤ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਉਡਾਣ ਦੌਰਾਨ ਸ਼ੱਕੀ ਚੀਜ਼ ਦਾ ਸਾਹਮਣਾ ਕਰਨਾ ਪਵੇ ਤਾਂ ਤੁਰੰਤ ਇਸ ਦੀ ਜਾਣਕਾਰੀ ਦਿੱਤੀ ਜਾਵੇ।

