ਦਿੱਲੀ ’ਚ ਯਮੁਨਾ ਦੇ ਪਾਣੀ ਕਾਰਨ ਕਈ ਇਲਾਕੇ ਪ੍ਰਭਾਵਿਤ
ਭਾਵੇਂ ਕਿ ਹੜ੍ਹ ਦਾ ਪਾਣੀ ਰਿਹਾਇਸ਼ੀ ਇਲਾਕਿਆਂ ਤੋਂ ਘੱਟਣਾ ਸ਼ੁਰੂ ਹੋ ਗਿਆ ਹੈ। ਇਸ ਦੇ ਬਾਵਜੂਦ, ਸ਼ਹਿਰ ਦੇ ਵੱਡੇ ਹਿੱਸੇ ਪਾਣੀ ਭਰਨ ਅਤੇ ਆਵਾਜਾਈ ਵਿੱਚ ਵਿਘਨ ਨਾਲ ਜੂਝ ਰਹੇ ਹਨ। ਯਮੁਨਾ ਨਦੀ ਸ਼ਨੀਵਾਰ ਸਵੇਰੇ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਰਹੀ, ਜਿਸ ਕਾਰਨ ਮਯੂਰ ਵਿਹਾਰ ਅਤੇ ਸਿਵਲ ਲਾਈਨਜ਼ ਵਿੱਚ ਸ਼੍ਰੀ ਸਵਾਮੀਨਾਰਾਇਣ ਮੰਦਰ ਦੇ ਨੇੜੇ ਵਰਗੇ ਖੇਤਰਾਂ ਵਿੱਚ ਪਾਣੀ ਪਹਿਲਾਂ ਵਾਂਗ ਭਰਿਆ ਪਿਆ ਸੀ।
ਪਿਛਲੇ ਕੁਝ ਦਿਨਾਂ ਪੈ ਰਹੇ ਭਾਰੀ ਮੀਂਹ ਕਰ ਕੇ ਦਿੱਲੀ ਦੇ ਕਈ ਨੀਵੇਂ ਹਿੱਸੇ ਡੁੱਬ ਗਏ ਸਨ। ਯਮੁਨਾ ਨਦੀ ਦਾ ਪਾਣੀ ਭਰ ਜਾਣ ਤੋਂ ਬਾਅਦ ਕਾਲਿੰਦੀ ਕੁੰਜ ਵਿੱਚ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ ਨੂੰ ਤਾਇਨਾਤ ਕੀਤਾ ਗਿਆ ਸੀ। ਸਿਵਲ ਲਾਈਨਜ਼, ਮੱਠ ਬਾਜ਼ਾਰ ਅਤੇ ਵਾਸੂਦੇਵ ਘਾਟ ਵਿੱਚ ਵੀ ਪਾਣੀ ਭਰ ਗਿਆ ਸੀ।
ਪਾਣੀ ਭਰਨ ਕਾਰਨ ਸੜਕਾਂ ਉਨ੍ਹਾਂ ਥਾਵਾਂ ਤੋਂ ਟੁੱਟ ਗਈਆਂ ਜਿੱਥੇ ਭਰੇ ਪਾਣੀ ਵਿੱਚੋਂ ਟ੍ਰੈਫ਼ਿਕ ਲੰਘਿਆ। ਇਸ ਸਮੇਂ ਦਿੱਲੀ ਵਾਸੀ ਦੋਹਰੇ ਮੌਸਮ ਦੇ ਸੰਕਟ ਨਾਲ ਜੂਝ ਰਹੇ ਹਨ। ਖੇਤਰੀ ਮੌਸਮ ਦਫ਼ਤਰ ਨੇ ਸਵੇਰ ਦੇ ਸਮੇਂ ਦਿੱਲੀ ਦੇ ਨਰੇਲਾ, ਅਲੀਪੁਰ, ਜਾਫਰਪੁਰ ਅਤੇ ਹਰਿਆਣਾ ਦੇ ਲੋਹਾਰੂ ਅਤੇ ਮਹਿੰਦਰਗੜ੍ਹ ਵਿੱਚ ਹਲਕਾ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ। ਮੌਸਮ ਵਿਭਾਗ ਅਨੁਸਾਰ ਦਿੱਲੀ ਵਿੱਚ ਆਮ ਤੌਰ ’ਤੇ ਬੱਦਲਵਾਈ ਰਹਿਣ ਦੀ ਉਮੀਦ ਹੈ, ਜਿਸ ਵਿੱਚ ਬਹੁਤ ਹਲਕੀ ਤੋਂ ਹਲਕੀ ਬਾਰਿਸ਼ ਦੇ ਨਾਲ ਗਰਜ-ਤੂਫਾਨ ਦੀ ਸੰਭਾਵਨਾ ਹੈ। ਦਿਨ ਵੇਲੇ ਤਾਪਮਾਨ 33 ਤੋਂ 35 ਡਿਗਰੀ ਸੀ ਅਤੇ ਰਾਤ ਨੂੰ 23 ਤੋਂ 25 ਡਿਗਰੀ ਦੇ ਵਿਚਕਾਰ ਸੀ। ਦਿੱਲੀ ਲਈ ਕੋਈ ਅਧਿਕਾਰਤ ਮੌਸਮ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ। ਦਿੱਲੀ ਦੇ ਗੁਆਂਢੀ ਇਲਾਕਿਆਂ ਵਿੱਚ, ਗੁਰੂਗ੍ਰਾਮ, ਫਰੀਦਾਬਾਦ ਅਤੇ ਗੌਤਮਬੁੱਧ ਨਗਰ ਪ੍ਰਭਾਵਿਤ ਨਹੀਂ ਹਨ, ਹਾਲਾਂਕਿ ਹਰਿਆਣਾ ਦੇ ਮਹਿੰਦਰਗੜ੍ਹ ਅਤੇ ਰੇਵਾੜੀ ਲਈ ਇੱਕ ਸੰਤਰੀ ਚੇਤਾਵਨੀ ਜਾਰੀ ਕੀਤੀ ਗਈ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਦੇ ਵਜ਼ੀਰਾਬਾਦ ਵਾਟਰ ਟ੍ਰੀਟਮੈਂਟ ਪਲਾਂਟ ਨੂੰ ਲਗਪਗ 36 ਘੰਟਿਆਂ ਲਈ ਬੰਦ ਕਰਨ ਨਾਲ ਸਥਿਤੀ ਹੋਰ ਵੀ ਵਿਗੜ ਗਈ ਹੈ, ਜਿਸ ਨਾਲ ਪਾਣੀ ਦੀ ਸਪਲਾਈ ਵਿੱਚ ਵਿਘਨ ਪਿਆ ਹੈ। ਯਮੁਨਾ ਵਿੱਚ ਆਏ ਹੜ੍ਹ ਨੇ ਨਿਕਾਸੀ ਪ੍ਰਬੰਧਾਂ ਨੂੰ ਜਾਮ ਕਰ ਦਿੱਤਾ ਹੈ, ਜਿਸ ਕਾਰਨ ਨੀਵੇਂ ਖੇਤਰਾਂ ਵਿੱਚ ਪਾਣੀ ਵਾਪਸ ਆ ਰਿਹਾ ਹੈ। ਹਾਲਾਂਕਿ ਬਹੁਤੀਆਂ ਸੜਕਾਂ ਤੋਂ ਪਾਣੀ ਉਤਰ ਗਿਆ ਹੈ ਪਰ ਫਿਰ ਵੀ ਸਿਵਿਲ ਲਾਈਨ ਅਤੇ ਆਈ.ਐੱਸ.ਬੀ.ਟੀ. ਦੇ ਨੇੜੇ ਸੜਕਾਂ ਉੱਪਰ ਪਾਣੀ ਖੜ੍ਹਾ ਹੈ।