ਪੰਜਾਬ ’ਚ 500 ਕਰੋੜ ਰੁਪਏ ਦੇ ਹੋਰ ਨਿਵੇਸ਼ ਦਾ ਦਾਅਵਾ
ਪੰਜਾਬ ਦੀ ਵਰਧਮਾਨ ਸਟੀਲਜ਼ ਵੱਲੋਂ ਆਈਚੀ ਸਟੀਲ ਕਾਰਪੋਰੇਸ਼ਨ ਨਾਲ ਸਮਝੌਤਾ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਪਾਨ ਦੌਰੇ ਦੇ ਤੀਜੇ ਦਿਨ ਅੱਜ ਵੱਖ-ਵੱਖ ਜਪਾਨੀ ਕੰਪਨੀਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਜਪਾਨ ਦੀਆਂ ਪ੍ਰਸਿੱਧ ਕੰਪਨੀਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਲਈ ਸੱਦਾ ਦਿੱਤਾ। ਮੁੱਖ ਮੰਤਰੀ ਦੇ ਜਪਾਨ ਦੌਰੇ ਦੇ ਤੀਜੇ ਦਿਨ ਜਪਾਨ ਦੀ ਟੋਇਟਾ ਦੀ ਸਟੀਲ ਕੰਪਨੀ ਆਈਚੀ ਸਟੀਲ ਕਾਰਪੋਰੇਸ਼ਨ ਨੇ ਪੰਜਾਬ ਦੀ ਵਰਧਮਾਨ ਸਟੀਲ ਨਾਲ ਮਿਲ ਕੇ ਕੰਮ ਕਰਨ ਦਾ ਸਮਝੌਤਾ ਕੀਤਾ ਹੈ। ਇਸ ਤਰ੍ਹਾਂ ਪੰਜਾਬ ਨੂੰ ਜਪਾਨ ਤੋਂ 500 ਕਰੋੜ ਰੁਪਏ ਦਾ ਹੋਰ ਨਿਵੇਸ਼ ਮਿਲ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਆਈਚੀ ਸਟੀਲ ਕਾਰਪੋਰੇਸ਼ਨ, ਜਿਸ ਨੂੰ ਟੋਇਟਾ ਦੀ ਸਟੀਲ ਆਰਮ ਵਜੋਂ ਜਾਣਿਆ ਜਾਂਦਾ ਹੈ, ਨੇ ਸੂਬੇ ਵਿੱਚ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਸਮਝੌਤਾ ਕੀਤਾ ਹੈ। ਜਪਾਨ ਦੀ ਸਿਰਮੌਰ ਸਟੀਲ ਕੰਪਨੀ ਪੰਜਾਬ ਵਿੱਚ ਭਵਿੱਖੀ ਫੈਕਟਰੀ ਕਾਰਜਾਂ ਦਾ ਅਧਿਐਨ ਕਰੇਗੀ, ਜਿਸ ਵਿੱਚ ਲਗਪਗ 500 ਕਰੋੜ ਦੇ ਸੰਭਾਵੀ ਨਿਵੇਸ਼ ਲਈ ਮੁਲਾਂਕਣ ਕੀਤਾ ਜਾਵੇਗਾ।
ਸ੍ਰੀ ਮਾਨ ਨੇ ਵਰਧਮਾਨ ਸਪੈਸ਼ਲ ਸਟੀਲਜ਼ ਨਾਲ ਆਈਚੀ ਸਟੀਲ ਦੀ ਸਾਂਝੇਦਾਰੀ ਨੂੰ ਮਜ਼ਬੂਤ ਅਤੇ ਪ੍ਰਫੁੱਲਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਮੌਜੂਦਾ ਜਪਾਨੀ ਕੰਪਨੀਆਂ ਨੂੰ ਸੂਬੇ ਵਿੱਚ ਉਨ੍ਹਾਂ ਦੇ ਕਾਰੋਬਾਰ ਅਤੇ ਕਾਰਜਾਂ ਦੇ ਵਾਧੇ ਵਿੱਚ ਸਹਾਇਤਾ ਕਰਨਾ ਪੰਜਾਬ ਦੀ ਮੁੱਖ ਤਰਜੀਹ ਹੈ। ਮੁੱਖ ਮੰਤਰੀ ਨੇ ਆਈਚੀ ਨੂੰ 13-15 ਮਾਰਚ 2026 ਨੂੰ ਇੰਡੀਅਨ ਸਕੂਲ ਆਫ ਬਿਜ਼ਨਸ ਮੁਹਾਲੀ ਵਿਖੇ ਹੋਣ ਵਾਲੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2026 ਵਿੱਚ ਹਿੱਸਾ ਲੈਣ ਦਾ ਸੱਦਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦਾ ਦ੍ਰਿਸ਼ਟੀਕੋਣ ਸਾਂਝੇਦਾਰੀ ਅਤੇ ਸਨਅਤਾਂ ਨਾਲ ਮਿਲ ਕੇ ਕੰਮ ਕਰਨ, ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਸਮਝਣ ਅਤੇ ਸਰਕਾਰ ਵੱਲੋਂ ਵਿਕਾਸ ਨੂੰ ਯਕੀਨੀ ਬਣਾਉਣਾ ਹੈ। ਪੰਜਾਬ ਨੇ ਆਪਣੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਦਿਆਂ ਸਨਅਤੀ ਸਮਰੱਥਾ ਦਾ ਵਿਸਥਾਰ ਕੀਤਾ ਹੈ ਅਤੇ ਨਿਵੇਸ਼ ਦੇ ਨਵੇਂ ਰਾਹ ਖੋਲ੍ਹੇ ਹਨ।

