ਵਕੀਲ ਦੀ ਪੁਸ਼ਾਕ ਪਾਈ ਵਿਅਕਤੀ ਵੱਲੋਂ ਚੀਫ਼ ਜਸਟਿਸ ਗਵਈ ਵੱਲ ਜੁੱਤੀ ਸੁੱਟਣ ਦੀ ਕੋਸ਼ਿਸ਼
ਮੈਨੂੰ ਅਜਿਹੀਆਂ ਚੀਜ਼ਾਂ ਨਾਲ ਫ਼ਰਕ ਨਹੀਂ ਪੈਂਦਾ: ਸੀਜੇਆਈ; ਸੁਪਰੀਮ ਕੋਰਟ ਦੀ ਸੁਰੱਖਿਆ ਇਕਾਈ ਵੱਲੋਂ ਜਾਂਚ ਸ਼ੁਰੂ
ਸੁਪਰੀਮ ਕੋਰਟ ਵਿਚ ਅੱਜ ਕੇਸ ਦੀ ਸੁਣਵਾਈ ਦੌਰਾਨ ਵਕੀਲ ਦੀ ਪੁਸ਼ਾਕ ਪਾਈ ਇਕ ਵਿਅਕਤੀ ਨੇ ਭਾਰਤ ਦੇ ਚੀਫ਼ ਜਸਟਿਸ (ਸੀਜੇਆਈ) ਬੀਆਰ ਗਵਈ ਵੱਲ ਜੁੱਤੀ ਸੁੱਟਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਕੋਰਟ ਵਿਚ ਮੌਜੂਦ ਅਮਲੇ ਨੇ ਇਸ ਵਿਅਕਤੀ ਨੂੰ ਸਮੇਂ ਰਹਿੰਦਿਆਂ ਕਾਬੂ ਕਰ ਲਿਆ। ਅਦਾਲਤੀ ਕਮਰੇ ਵਿੱਚੋਂ ਬਾਹਰ ਕੱਢੇ ਜਾਣ ਮੌਕੇ ਸਮੇਂ ਇਸ ਵਿਅਕਤੀ ਨੇ ‘ਸਨਾਤਨ ਕਾ ਅਪਮਾਨ ਨਹੀਂ ਸਹੇਗਾ ਹਿੰਦੁਸਤਾਨ’ ਦਾ ਨਾਅਰਾ ਲਾਇਆ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸੀਜੇਆਈ ਦੀ ਅਗਵਾਈ ਵਾਲਾ ਬੈਂਚ ਵਕੀਲਾਂ ਵੱਲੋਂ ਕੇਸਾਂ ਦੇ ਜ਼ਿਕਰ ਦੀ ਸੁਣਵਾਈ ਕਰ ਰਿਹਾ ਸੀ।
ਇਸ ਘਟਨਾ ਕਰਕੇ ਕੋਰਟ ਦੀ ਕਾਰਵਾਈ ਵਿਚ ਪਈ ਰੁਕਾਵਟ ਦੇ ਬਾਵਜੂਦ, ਸੀਜੇਆਈ ਗਵਈ ਸ਼ਾਂਤ ਰਹੇ। ਉਨ੍ਹਾ ਅਦਾਲਤੀ ਕਾਰਵਾਈ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰੱਖਣ ਦਾ ਨਿਰਦੇਸ਼ ਦਿੱਤਾ। ਚੀਫ ਜਸਟਿਸ ਗਵਈ ਨੇ ਇਸ ਘਟਨਾ ਦੇ ਪ੍ਰਤੀਕਰਮ ਵਿਚ ਕਿਹਾ ਕਿ ਉਨ੍ਹਾਂ ਨੂੰ ਅਜਿਹੀਆਂ ਚੀਜ਼ਾਂ ਨਾਲ ਬਹੁਤਾ ਫ਼ਰਕ ਨਹੀਂ ਪੈਂਦਾ। ਉਨ੍ਹਾਂ ਵਕੀਲਾਂ ਨੂੰ ਆਪਣੀਆਂ ਦਲੀਲਾਂ ਜਾਰੀ ਰੱਖਣ ਦੀ ਹਦਾਇਤ ਕਰਦੇ ਹੋਏ ਕਿਹਾ, ‘‘ਇਸ ਸਭ ਤੋਂ ਧਿਆਨ ਨਾ ਭਟਕਾਓ। ਅਜਿਹੀਆਂ ਚੀਜ਼ਾਂ ਮੈਨੂੰ ਪ੍ਰਭਾਵਿਤ ਨਹੀਂ ਕਰਦੀਆਂ।’’
ਸੁਪਰੀਮ ਕੋਰਟ ਦੀ ਸੁਰੱਖਿਆ ਇਕਾਈ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹੋਰ ਵੇਰਵਿਆਂ ਦੀ ਉਡੀਕ ਹੈ।