ਮਾਲਕ ਤੋਂ ਪੰਜਾਹ ਲੱਖ ਰੁਪਏ ਦੀ ਫ਼ਿਰੌਤੀ ਮੰਗਣ ਵਾਲਾ ਕਾਬੂ
ਪੂਰਬੀ ਦਿੱਲੀ ਦੇ ਝਿਲਮਿਲ ਦੀਆਂ ਝੁੱਗੀਆਂ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਨੇ ਬਾਲੀਵੁੱਡ ਫ਼ਿਲਮ ‘ਰੇਡ’ ਦੇਖਣ ਤੋਂ ਬਾਅਦ ਆਪਣੇ ਸਾਬਕਾ ਮਾਲਕ ਨੂੰ ਆਮਦਨ ਕਰ ਚੋਰੀ ਦੇ ਮਾਮਲੇ ਵਿੱਚ ਫਸਾਉਣ ਦੀ ਧਮਕੀ ਦਿੱਤੀ ਅਤੇ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। ਉਸ ਵਿਅਕਤੀ ਨੇ ਬਹੁਤ ਚਲਾਕੀ ਨਾਲ ਸਾਜ਼ਿਸ਼ ਰਚੀ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਦੋਸ਼ੀ ਦੀ ਪਛਾਣ ਪਵਨ ਉਰਫ਼ ਪ੍ਰਵੀਨ ਵਜੋਂ ਹੋਈ ਹੈ। ਜ਼ਿਲ੍ਹਾ ਪੁਲੀਸ ਡਿਪਟੀ ਕਮਿਸ਼ਨਰ ਪ੍ਰਸ਼ਾਂਤ ਗੌਤਮ ਨੇ ਦੱਸਿਆ ਕਿ ਵਪਾਰੀ ਸੂਰਜਮਲ ਵਿਹਾਰ ਵਿੱਚ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਉਸ ਦਾ ਗਾਂਧੀ ਨਗਰ ਮਾਰਕੀਟ ਵਿੱਚ ਕੱਪੜੇ ਦਾ ਕਾਰੋਬਾਰ ਹੈ। ਵਪਾਰੀ ਨੂੰ ਇੱਕ ਅਣਜਾਣ ਨੰਬਰ ਤੋਂ ਕਾਲ ਆਈ। ਕਾਲ ਕਰਨ ਵਾਲੇ ਨੇ ਆਮਦਨ ਕਰ ਦੇ ਨਾਮ ’ਤੇ ਫਿਰੌਤੀ ਦੀ ਮੰਗ ਕੀਤੀ। ਤਿੰਨ ਅਗਸਤ ਨੂੰ ਪੀੜਤ ਨੂੰ ਵਟਸਐਪ ’ਤੇ ਇੱਕ ਅਣਜਾਣ ਨੰਬਰ ਤੋਂ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕਰਨ ਵਾਲਾ ਸੁਨੇਹਾ ਮਿਲਿਆ। ਇਸ ਤੋਂ ਬਾਅਦ ਪੀੜਤ ਵਿਵੇਕ ਵਿਹਾਰ ਥਾਣੇ ਪਹੁੰਚਿਆ ਅਤੇ ਮਾਮਲਾ ਦਰਜ ਕਰਵਾਇਆ। ਪੁਲੀਸ ਨੇ ਤਕਨੀਕੀ ਮਾਹਿਰਾਂ ਦੀ ਟੀਮ ਦੀ ਮਦਦ ਨਾਲ ਕਥਿਤ ਦੋਸ਼ੀ ਨੂੰ ਝਿਲਮਿਲ ਦੀਆਂ ਝੁੱਗੀਆਂ ਤੋਂ ਗ੍ਰਿਫ਼ਤਾਰ ਕੀਤਾ। ਉਹ ਕਾਰੋਬਾਰੀ ਦਾ ਸਾਬਕਾ ਕਰਮਚਾਰੀ ਨਿਕਲਿਆ। ਪੁਲੀਸ ਨੇ ਦੋਸ਼ੀ ਵੱਲੋਂ ਵਰਤੇ ਗਏ ਸਿਮ ਦੀ ਮਦਦ ਨਾਲ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁੱਛਗਿੱਛ ਦੌਰਾਨ ਉਸ ਨੇ ਪੁਲੀਸ ਨੂੰ ਦੱਸਿਆ ਕਿ ਉਸਨੇ ਕੁਝ ਦਿਨ ਪਹਿਲਾਂ ਫ਼ਿਲਮ ਰੇਡ ਦੇਖੀ ਸੀ। ਇਸੇ ਤਹਿਤ ਉਸ ਨੂੰ ਆਪਣੇ ਸਾਬਕਾ ਬੌਸ ਤੋਂ ਫਿਰੌਤੀ ਮੰਗਣ ਦਾ ਵਿਚਾਰ ਆਇਆ।