ਟੌਲ ਪਲਾਜ਼ਾ ਹਟਾਉਣ ਲਈ ਮਹਾਪੰਚਾਇਤ
ਦਿੱਲੀ ਦੇ ਮੁੰਡਕਾ-ਬੱਕਰਵਾਲਾ ਟੌਲ ਪਲਾਜ਼ਾ ’ਤੇ 350 ਰੁਪਏ ਦੇ ਟੌਲ ਟੈਕਸ ਵਿਰੁੱਧ ਪਿੰਡ ਵਾਸੀਆਂ ਦਾ ਵਿਰੋਧ ਹਾਲੇ ਵੀ ਜਾਰੀ ਹੈ। ਇਸ ਮਹਾਪੰਚਾਇਤ ਵਿੱਚ ਤਿੰਨ ਵਿਧਾਇਕਾਂ ਨੇ ਵੀ ਸ਼ਿਰਕਤ ਕੀਤੀ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਕੋਲ ਮੁੱਦਾ ਉਠਾਉਣ ਦਾ ਫ਼ੈਸਲਾ ਕੀਤਾ ਗਿਆ। ਪਿੰਡ ਵਾਸੀਆਂ ਨੇ ਚਿਤਾਵਨੀ ਦਿੱਤੀ ਕਿ ਲੋਕ ਸਰਕਾਰ ਬਣਾ ਸਕਦੇ ਹਨ ਤਾਂ ਉਹ ਉਖਾੜ ਵੀ ਸਕਦੇ ਹਨ। ਔਰਤਾਂ ਨੇ ਵੱਡੀ ਗਿਣਤੀ ਵਿੱਚ ਇਸ ਮਹਾਪੰਚਾਇਤ ’ਚ ਸ਼ਮੂਲੀਅਤ ਕੀਤੀ। ਉਨਾਂ ਕਿਹਾ ਕਿ ਸਰਕਾਰ ਨੂੰ ਟੌਲ ਪਲਾਜ਼ਾ ਹਟਾਉਣਾ ਹੀ ਪਵੇਗਾ। ਐਤਵਾਰ ਨੂੰ ਬੱੱਕਰਕਾਲਾ ਪਿੰਡ ਵਿੱਚ ਟੌਲ ਵਿਰੁੱਧ ਕਰਵਾਈ ਗਈ ਮਹਾਪੰਚਾਇਤ ਵਿੱਚ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ। ਕਈ ਗ੍ਰਾਮ ਪੰਚਾਇਤਾਂ ਨੇ ਧਰਨਾ ਦੇਣ ਦੀ ਚੇਤਾਵਨੀ ਦਿੱਤੀ ਸੀ। ਇਸ ਕ੍ਰਮ ਵਿੱਚ ਇਹ ਮਹਾਪੰਚਾਇਤ ਹੋਈ, ਜਿਸ ਵਿੱਚ ਦੋ ਦਰਜਨ ਤੋਂ ਵੱਧ ਪਿੰਡਾਂ ਦੇ ਪਿੰਡ ਵਾਸੀ ਇਕੱਠੇ ਹੋਏ। ਮਹਾਪੰਚਾਇਤ ਵਿੱਚ ਲੋਕਾਂ ਨੇ ਦੋਸ਼ ਲਗਾਇਆ ਕਿ ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ ਇਸ ਮਨਮਾਨੇ ਟੌਲ ਟੈਕਸ ਬਾਰੇ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੀ ਹੈ। ਮੁੰਡਕਾ ਦੇ ਵਿਧਾਇਕ ਗਜੇਂਦਰ ਦਰਾਲ, ਨਜ਼ਫਗੜ੍ਹ ਦੇ ਵਿਧਾਇਕ ਨੀਲਮ ਅਤੇ ਵਿਧਾਇਕ ਸੰਦੀਪ ਸਹਿਰਾਵਤ ਵੀ ਆਪਣੇ ਵਿਚਾਰ ਰੱਖਣ ਲਈ ਉੱਥੇ ਪਹੁੰਚੇ। ਇਹ ਫ਼ੈਸਲਾ ਲਿਆ ਗਿਆ ਕਿ ਮਹਾਪੰਚਾਇਤ ਦਾ ਵਫ਼ਦ ਬੁੱਧਵਾਰ ਨੂੰ ਇਸ ਮਨਮਾਨੇ ਟੌਲ ਟੈਕਸ ਨੂੰ ਵਾਪਸ ਲੈਣ ਸਬੰਧੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਮਿਲੇਗਾ।