‘ਡੂਸੂ’ ਚੋਣਾਂ ਤੋਂ ਪਹਿਲਾਂ ਯੂਨੀਵਰਸਿਟੀ ’ਚ ਮਹਾਪੰਚਾਇਤ
ਐੱਸ ਐੱਫ ਆਈ ਅਤੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਨੇ ਸਾਂਝੇ ਤੌਰ ’ਤੇ ਵਿਦਿਆਰਥੀ ਮੁੱਦਿਆਂ ’ਤੇ ਦਿਲੀ ਯੂਨੀਵਰਸਿਟੀ ਵਿੱਚ ਮਹਾਪੰਚਾਇਤ ਕਰਵਾਈ। ਸੈਂਕੜੇ ਵਿਦਿਆਰਥੀਆਂ ਨੇ ਇਕੱਠ ਵਿੱਚ ਸ਼ਿਰਕਤ ਕੀਤੀ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਵਿਦਿਆਰਥੀ ਜਥੇਬੰਦੀਆਂ ਵੱਲੋਂ ਉਠਾਏ ਜਾ ਰਹੇ ਵੱਖ-ਵੱਖ ਮੁੱਦਿਆਂ ‘ਤੇ ਸਮਰਥਨ ਦੀ ਅਪੀਲ ਕੀਤੀ। ਮਹਾਪੰਚਾਇਤ ਵਿੱਚ ‘ਆਇਸਾ’ ਦੀ ਸੰਭਾਵੀ ਉਮੀਦਵਾਰ ਅੰਜਲੀ ਨੇ ਕਿਹਾ, “ਵਿਦਿਆਰਥੀਆਂ ਦੇ ਵੱਡੇ ਵਿਰੋਧ ਦੇ ਬਾਵਜੂਦ ਸਾਡੇ ਕੈਂਪਸਾਂ ਵਿੱਚ ਚਾਰ ਸਾਲਾ ਕੋਰਸ ਨੂੰ ਜ਼ਬਰਦਸਤੀ ਲਾਗੂ ਕੀਤਾ ਗਿਆ ਸੀ। ਇਸ ਸਾਲ ਡੀਯੂ ਵਿੱਚ ਪਹਿਲਾ ਬੈਚ ਚੌਥੇ ਸਾਲ ਵਿੱਚ ਪ੍ਰਵੇਸ਼ ਕਰ ਗਿਆ ਹੈ ਤੇ ਯੂਨੀਵਰਸਿਟੀ ਉਨ੍ਹਾਂ ਲਈ ਲੋੜੀਂਦੇ ਬੁਨਿਆਦੀ ਢਾਂਚੇ ਨਾਲ ਲੈਸ ਨਹੀਂ ਹੈ। ਮਹਾਪੰਚਾਇਤ ਵਿੱਚ ਨਵੀਂ ਸਿੱਖਿਆ ਨੀਤੀ ਤਹਿਤ ਚਾਰ ਸਾਲਾ ਕੋਰਸ ਨੂੰ ਰੱਦ ਕੀਤਾ ਗਿਆ।” ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਸਾਡੇ ਵਿਦਿਅਕ ਅਦਾਰਿਆਂ ਦੇ ਭਗਵੇਕਰਨ ਵਿਰੁੱਧ ਖੜ੍ਹੇ ਹੋਣ। ਵਿਦਿਆਰਥੀਆਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਐੱਸ ਐੱਫ ਆਈ ਉਮੀਦਵਾਰ ਸੋਹਨ ਕੁਮਾਰ ਯਾਦਵ ਨੇ ਕਿਹਾ, “ਅਸੀਂ ਆਪਣੀਆਂ ਮੰਗਾਂ ਪੂਰੀਆਂ ਹੋਣ ਤੱਕ ਪਿੱਛੇ ਨਹੀਂ ਹਟਾਂਗੇ। ਇਸ ਸਾਲ ਵਿਦਿਆਰਥੀਆਂ ਨੂੰ ਅਹਿਸਾਸ ਹੋਇਆ ਹੈ ਕਿ ਜਨ ਸੰਘ ਦੀ ਅਖਲ ਭਾਰਤੀ ਵਿਦਿਆਰਥੀ ਪਰਿਸ਼ਦ ਅਤੇ ਕਾਂਗਰਸ ਦੀ ਨੈਸ਼ਨਲ ਸਟੂਡੈਂਟ ਯੂਨੀਅਨ ਆਫ ਇੰਡੀਆ ਦੋਵਾਂ ਯੂਨੀਅਨਾਂ ਨੇ ਪਿਛਲੇ ਸਾਲ ਆਪਣੇ ਮੈਨੀਫੈਸਟੋ ਵਿੱਚ ਕੀਤੇ ਗਏ ਕਿਸੇ ਵੀ ਵਾਅਦੇ ਨੂੰ ਪੂਰਾ ਨਹੀਂ ਕੀਤਾ ਹੈ। ਪੂਰਾ ਸਾਲ ਸਿਰਫ਼ ਸੋਸ਼ਲ ਮੀਡੀਆ ’ਤੇ ਪੋਸਟਰ ਅਤੇ ਅੰਦਰੂਨੀ ਲੜਾਈ ਵਿੱਚ ਬਿਤਾਇਆ ਗਿਆ ਜਦੋਂ ਕਿ ਵਿਦਿਆਰਥੀਆਂ ਨੂੰ ਲਗਾਤਾਰ ਪਰੇਸ਼ਾਨ ਕੀਤਾ ਜਾਂਦਾ ਰਿਹਾ। ਇਸ ਵਾਰ ਵਿਦਿਆਰਥੀਆਂ ਨੇ ਸਮਝ ਲਿਆ ਹੈ ਅਤੇ ਉਹ ਉਨ੍ਹਾਂ ਲੋਕਾਂ ਨੂੰ ਚੁਣਨਗੀਆਂ ਜੋ ਸਾਲ ਭਰ ਉਨ੍ਹਾਂ ਦੀ ਸੱਚਮੁੱਚ ਪ੍ਰਤੀਨਿਧਤਾ ਕਰਨਗੇ। ਵਿਦਿਆਰਥੀ ਐੱਸ ਐੱਫ ਆਈ, ਏ ਆਈ ਐੱਸ ਏ ਗੱਠਜੋੜ ਨੂੰ ਚੁਣਨਗੇ।” ਐੱਸ ਐੱਫ ਆਈ ਦੀ ਸੰਭਾਵੀ ਉਮੀਦਵਾਰ ਅਭਿਨੰਦਨਾ ਨੇ ਕਿਹਾ, “ਔਰਤਾਂ ਕੈਂਪਸ ਵਿੱਚ ਸੁਰੱਖਿਅਤ ਨਹੀਂ ਹਨ। ਹਰ ਸਾਲ ਅਸੀਂ ਔਰਤਾਂ ਨਾਲ ਛੇੜਛਾੜ ਦੀਆਂ ਘਟਨਾਵਾਂ ਵੇਖੀਆਂ ਹਨ। ਹਰ ਸਾਲ ਅਖਲ ਭਾਰਤੀ ਵਿਦਿਆਰਥੀ ਪਰਿਸ਼ਦ ਦੇ ਗੁੰਡੇ ਮਿਰਾਂਡਾ ਹਾਊਸ, ਗਾਰਗੀ, ਡੀਆਰਸੀ ਅਤੇ ਹੋਰ ਮਹਿਲਾ ਕਾਲਜਾਂ ਵਿੱਚ ਘੁਸਪੈਠ ਕਰਦੇ ਹਨ। ਇਸ ਸਾਲ ਵੀ ਲਕਸ਼ਮੀ ਬਾਈ ਕਾਲਜ ਦੇ ਬਾਹਰ ਇੱਕ ਮਹਿਲਾ ਗਾਰਡ ਵੱਲੋਂ ਰੋਕਣ ਦੇ ਬਾਵਜੂਦ, ਉਨ੍ਹਾਂ ਨੇ ਉਸ ਨਾਲ ਦੁਰਵਿਵਹਾਰ ਕੀਤਾ।” ਇਸ ਦੌਰਾਨ ਵਿਦਿਆਰਥੀ ਆਗੂਆਂ ਨੇ ਕਿਹਾ ਕਿ ਹਰ ਸਾਲ ਲੱਖਾਂ ਵਿਦਿਆਰਥੀ ਡੀਯੂ ਵਿੱਚ ਦਾਖਲਾ ਲੈਂਦੇ ਹਨ, ਜਿਨ੍ਹਾਂ ਵਿੱਚੋਂ ਪੰਜਾਬ ਫੀਸਦ ਤੋਂ ਵੱਧ ਬਾਹਰੋਂ ਆਉਂਦੇ ਹਨ। ਉਨ੍ਹਾਂ ਕੋਲ ਕੋਈ ਢੁਕਵੀਂ ਰਿਹਾਇਸ਼ ਨਹੀਂ ਹੈ।