ਮੱਧ ਪ੍ਰਦੇਸ਼: ਸੜਕ ਹਾਦਸੇ ਵਿੱਚ ਪੰਜ ਹਲਾਕ; ਦੋ ਜ਼ਖਮੀ
ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਵਿੱਚ ਇੱਕ ਹਾਈਵੇਅ ’ਤੇ ਇੱਕ ਕਾਰ ਦੇ ਟਰੱਕ ਦੀ ਟੱਕਰ ਕਾਰਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਪੁਲੀਸ ਨੇ ਅੱਜ ਦੱਸਿਆ ਕਿ ਇਹ ਹਾਦਸਾ ਸ਼ੁੱਕਰਵਾਰ ਰਾਤ ਉਦੋਂ ਵਾਪਰਿਆ ਜਦੋਂ ਸਤਨਾ ਸ਼ਹਿਰ ਦੇ ਇੱਕ ਹੀ ਪਰਿਵਾਰ ਦੇ ਸੱਤ ਜੀਅ ਸ਼ਾਹਗੜ੍ਹ ਵਿੱਚ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਕਾਰ ਵਿੱਚ ਜਾ ਰਹੇ ਸਨ। ਇੱਥੋਂ 35 ਕਿਲੋਮੀਟਰ ਦੂਰ ਗੁਲਗੰਜ ਥਾਣਾ ਖੇਤਰ ਵਿੱਚ ਸਾਗਰ-ਕਾਨਪੁਰ ਰਾਸ਼ਟਰੀ ਰਾਜਮਾਰਗ ’ਤੇ ਉਨ੍ਹਾਂ ਦੀ ਕਾਰ ਦੀ ਟਰੱਕ ਨਾਲ ਆਹਮੋ-ਸਾਹਮਣੀ ਟੱਕਰ ਹੋ ਗਈ।
ਵਧੀਕ ਪੁਲੀਸ ਸੁਪਰਡੈਂਟ ਆਦਿਤਿਆ ਪਾਟਲੇ ਨੇ ਦੱਸਿਆ ਕਿ ਕਾਰ ਵਿੱਚ ਸਵਾਰ ਪੰਜ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਜ਼ਖਮੀ ਹੋ ਗਏ। ਸਾਗਰ ਰੇਂਜ ਦੇ ਇੰਸਪੈਕਟਰ ਜਨਰਲ ਹਿਮਾਨੀ ਖੰਨਾ ਨੇ ਮੌਕੇ ਦਾ ਜਾਇਜ਼ਾ ਲਿਆ। ਇਸ ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਨੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਨੇ ਉਸ ਨੂੰ ਥੋੜ੍ਹੀ ਦੂਰੀ ’ਤੇ ਹੀ ਕਾਬੂ ਕਰ ਲਿਆ।
ਪੁਲੀਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਮਹਿੰਦਰ ਪ੍ਰਜਾਪਤੀ (30), ਲਕਸ਼ਮਣ (40), ਦੀਪਕ (24), ਸੁਰੇਂਦਰ (26) ਅਤੇ ਲਾਲੂ (17) ਵਜੋਂ ਹੋਈ ਹੈ। ਪੀਟੀਆਈ
