ਦਿੱਲੀ ’ਚ ਲੁੱਟ-ਖੋਹ ਹੋਣਾ ਆਮ ਗੱਲ: ਭਾਰਦਵਾਜ
ਇਥੇ ਲੁਟੀਅਨਜ਼ ਦਿੱਲੀ ਦੇ ਚਾਣਕਿਆਪੁਰੀ ਵਿੱਚ ਲੁਟੇਰਿਆਂ ਵੱਲੋਂ ਤਾਮਿਲਨਾਡੂ ਦੀ ਸੰਸਦ ਮੈਂਬਰ ਐੱਮ ਸੁਧਾ ਦੀ ਚੇਨ ਖੋਹ ਮਾਮਲੇ ’ਚ ਆਮ ਆਦਮੀ ਪਾਰਟੀ ਦੇ ਦਿੱਲੀ ਪ੍ਰਦੇਸ਼ ਪ੍ਰਧਾਨ ਸੌਰਭ ਭਾਰਦਵਾਜ ਨੇ ਭਾਜਪਾ ’ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਟਵਿੱਟਰ ’ਤੇ ਕਿਹਾ ਕਿ ਦਿੱਲੀ ਵਿੱਚ ਸਵੇਰੇ 6 ਵਜੇ ਸਵੇਰ ਦੀ ਸੈਰ ਦੌਰਾਨ ਤਾਮਿਲਨਾਡੂ ਦੇ ਸੰਸਦ ਮੈਂਬਰ ਐਮ. ਸੁਧਾ ਨਾਲ ਚੇਨ ਖੋਹਣ ਦੀ ਘਟਨਾ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਬਾਈਕ ਸਵਾਰ ਮਸ਼ਕੂਕਾਂ ਨੇ ਸੋਨੇ ਦੀ ਚੇਨ ਖੋਹ ਲਈ ਅਤੇ ਭੱਜ ਗਏ। ਹਾਲਾਂਕਿ, ਦਿੱਲੀ ਵਿੱਚ ਇਹ ਕੋਈ ਨਵੀਂ ਗੱਲ ਨਹੀਂ ਹੈ। ਦਿੱਲੀ ਵਿੱਚ ਚੇਨ, ਮੋਬਾਈਲ ਖੋਹਣਾ ਇੰਨਾ ਆਮ ਹੋ ਗਿਆ ਹੈ ਕਿ ਲੋਕ ਹੁਣ ਪੁਲੀਸ ਕੋਲ ਐੱਫਆਈਆਰ ਵੀ ਦਰਜ ਨਹੀਂ ਕਰਵਾਉਂਦੇ। ਉਹ ਜਾਣਦੇ ਹਨ ਕਿ ਕੁਝ ਨਹੀਂ ਹੋਵੇਗਾ, ਇਸਦੇ ਉਲਟ ਸਮਾਂ ਬਰਬਾਦ ਹੋਵੇਗਾ। ਸੌਰਭ ਭਾਰਦਵਾਜ ਨੇ ਕਿਹਾ ਕਿ ਇਸ ਲਈ ਪੁਲੀਸ ਪੂਰੀ ਤਰ੍ਹਾਂ ਜ਼ਿੰਮੇਵਾਰ ਨਹੀਂ ਹੈ। ਦਿੱਲੀ ਪੁਲੀਸ ਵਿੱਚ ਹਜ਼ਾਰਾਂ ਅਸਾਮੀਆਂ ਖਾਲੀ ਹਨ ਅਤੇ ਸਰਕਾਰ ਭਰਤੀ ਨਹੀਂ ਕਰਨਾ ਚਾਹੁੰਦੀ। ਜੋ ਲੋਕ ਉੱਥੇ ਹਨ, ਉਹ ਵੀਆਈਪੀ ਸੁਰੱਖਿਆ ਵਿੱਚ ਰੁੱਝੇ ਹੋਏ ਹਨ ਅਤੇ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਫਸਾਉਂਦੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਔਰਤਾਂ ਚੈਨੀਆਂ ਪਾ ਕੇ ਸਵੇਰ ਦੀ ਸੈਰ ਲਈ ਨਹੀਂ ਜਾਂਦੀਆਂ, ਉਹ ਬਹੁਤ ਸਾਵਧਾਨ ਹਨ। ਸੰਸਦ ਮੈਂਬਰ ਤਾਮਿਲਨਾਡੂ ਤੋਂ ਹਨ, ਇਸ ਲਈ ਉਨ੍ਹਾਂ ਨੂੰ ਪੁਲੀਸ ਪ੍ਰਣਾਲੀ ਬਾਰੇ ਕੋਈ ਜਾਣਕਾਰੀ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਸਾਰੇ ਵੀਆਈਪੀ, ਪ੍ਰਧਾਨ ਮੰਤਰੀ, ਰਾਸ਼ਟਰਪਤੀ, ਸੁਪਰੀਮ ਕੋਰਟ ਅਤੇ ਦੂਤਘਰ ਦਿੱਲੀ ਦੇ ਲੁਟੀਅਨਜ਼ ਜ਼ੋਨ ਵਿੱਚ ਹਨ।