ਕਹਾਣੀ ਪੜ੍ਹਨ, ਲਿਖਣ ਤੇ ਸਮਝਣ ਬਾਰੇ ਸਾਹਿਤਕ ਸਮਾਗਮ
ਪ੍ਰੋ. ਬਲਜਿੰਦਰ ਨਸਰਾਲੀ ਨੇ ਕਹਾਣੀ ਲਿਖਣ ਦੇ ਸਿਰਜਣਾਤਮਕ ਪੱਖਾਂ ’ਤੇ ਚਾਨਣਾ ਪਾਇਆ
ਗੁਰੂ ਗੋਬਿੰਦ ਸਿੰਘ ਕਾਲਜ ਦੇ ਐਂਫੀਥੀਏਟਰ ਵਿੱਚ ਕਾਮਰਸ ਦੀ ਪੰਜਾਬੀ ਸਾਹਿਤ ਸਭਾ ‘ਗਿਆਨ’ ਵਲੋਂ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਕਹਾਣੀ ਨੂੰ ਪੜ੍ਹਨ, ਲਿਖਣ ਤੇ ਸਮਝਣ ਵਿਸ਼ੇ ’ਤੇ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਵਿੱਚ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਦਿੱਲੀ ਯੂਨੀਵਰਸਿਟੀ ਦੇ ਸਾਬਕਾ ਅਸਿਸਟੈਂਟ ਪ੍ਰੋਫੈਸਰ ਡਾ. ਵਨੀਤਾ, ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਪ੍ਰੋ. ਬਲਜਿੰਦਰ ਨਸਰਾਲੀ ਅਤੇ ਡਾ. ਸਿਮਰਨ ਕੌਰ ਸੇਠੀ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਦੀ ਪ੍ਰਧਾਨਗੀ ਸਾਹਿਤ ਅਕਾਦਮੀ ਦੇ ਪੰਜਾਬੀ ਸਲਾਹਕਾਰ ਬੋਰਡ ਦੇ ਕਨਵੀਨਰ ਪ੍ਰੋ. ਰਵੇਲ ਸਿੰਘ ਨੇ ਕੀਤੀ। ਪ੍ਰੋਗਰਾਮ ਦਾ ਆਰੰਭ ਕਰਦਿਆਂ ਕਾਲਜ ਦੇ ਪੰਜਾਬੀ ਵਿਭਾਗ ਦੇ ਕਨਵੀਨਰ ਡਾ. ਤਰਵਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕਰਦਿਆਂ ਵਿਸ਼ੇ ਦੀ ਮਹੱਤਤਾ ਉੱਪਰ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸਾਹਿਤ ਦੇ ਵਿਦਿਆਰਥੀ ਹੋਣ ਦੇ ਨਾਤੇ ਸਾਹਿਤ ਨੂੰ ਪੜ੍ਹਨਾ, ਸਮਝਣਾ ਅਤੇ ਉਸ ਦਾ ਵਿਸ਼ਲੇਸ਼ਣ ਕਰਨਾ ਜਿੱਥੇ ਸਲੇਬਸ ਦੇ ਹਿੱਸੇ ਹਨ ਉੱਥੇ ਹੀ ਵਿਦਿਆਰਥੀਆਂ ਦੀ ਜਾਣਕਾਰੀ ਵਿੱਚ ਵਾਧਾ ਕਰਨ ਲਈ ਵੀ ਜ਼ਰੂਰੀ ਹਨ। ਇਸ ਤੋਂ ਬਾਅਦ ਪ੍ਰੋਫੈਸਰ ਬਲਜਿੰਦਰ ਨਸਰਾਲੀ ਨੇ ਆਪਣੀ ਕਹਾਣੀ ਅਤੇ ਨਾਵਲ ਲੇਖਨ ਦੇ ਤਜਰਬਿਆਂ ਨੂੰ ਸਾਂਝਾ ਕਰਦਿਆਂ ਕਹਾਣੀ ਲਿਖਣ ਦੇ ਸਿਰਜਣਾਤਮਕ ਪੱਖਾਂ ਉੱਪਰ ਚਾਨਣਾ ਪਾਇਆ। ਉਪਰੰਤ ਡਾ. ਵਨੀਤਾ ਨੇ ‘ਗੁਲਬਾਨੋ’ ਕਹਾਣੀ ਦੇ ਹਵਾਲੇ ਨਾਲ ਕਹਾਣੀ ਨੂੰ ਪੜ੍ਹਨ ਤੇ ਸਮਝਣ ਦੀ ਕਲਾ ਬਾਰੇ ਵਿਚਾਰ ਸਾਂਝੇ ਕੀਤੇ। ਇਸ ਦੇ ਨਾਲ ਹੀ ਕਹਾਣੀ ਦੀ ਬਹੁਪਰਤੀ ਵਿਆਖਿਆ ਕਰਦਿਆਂ ਕਹਾਣੀ ਵਿੱਚ ਪਈ ਸਾਇਲੈਂਸ ਨੂੰ ਰੂਪਮਾਨ ਕੀਤਾ।