ਕਾਠਮੰਡੂ ਹਵਾਈ ਅੱਡੇ ’ਤੇ ਲਾਈਟਿੰਗ ਸਿਸਟਮ ’ਚ ਨੁਕਸ; ਉਡਾਣਾਂ ਪ੍ਰਭਾਵਿਤ
Flight operation in Nepal's Tribhuvan International Airport halted following problem in airfield lighting system
ਇਥੋਂ ਦੇ ਤਿਰੂਭਵਨ ਕੌਮਾਂਤਰੀ ਹਵਾਈ ਅੱਡੇ ’ਤੇ ਅੱਜ ਸ਼ਾਮ ਵੇਲੇ ਲਾਈਟਿੰਗ ਸਿਸਟਮ ਵਿਚ ਨੁਕਸ ਪੈ ਗਿਆ ਜਿਸ ਕਾਰਨ ਉਡਾਣਾਂ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਗਿਆ ਹੈ। ਇਸ ਦੀ ਪੁਸ਼ਟੀ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਵੀ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਅੱਜ ਸ਼ਾਮ ਵੇਲੇ ਰਨਵੇਅ ਦੇ ਏਅਰਫੀਲਡ ਦੀਆਂ ਲਾਈਟਾਂ ਵਿਚ ਨੁਕਸ ਪੈ ਗਿਆ। ਇਸ ਕਰ ਕੇ ਇੱਥੇ ਆਉਣ ਤੇ ਜਾਣ ਵਾਲੀਆਂ ਪੰਜ ਕੌਮਾਂਤਰੀ ਤੇ ਘਰੇਲੂ ਉਡਾਣਾਂ ਵਿਚ ਦੇਰੀ ਹੋਈ ਹੈ। ਹਵਾਈ ਅੱਡੇ ਦੇ ਬੁਲਾਰੇ ਰੇਂਜੀ ਸ਼ੇਰਪਾ ਨੇ ਦੱਸਿਆ ਕਿ ਅੱਜ ਸ਼ਾਮ ਸਾਢੇ ਪੰਜ ਵਜੇ ਇਹ ਸਮੱਸਿਆ ਆਈ। ਇਹ ਕਿਆਸ ਲਾਏ ਜਾ ਰਹੇ ਹਨ ਕਿ ਮੀਂਹ ਪੈਣ ਤੋਂ ਬਾਅਦ ਪਾਣੀ ਰਨਵੇਅ ਦੀਆਂ ਤਾਰਾਂ ਵਿਚ ਪੈ ਗਿਆ ਜਿਸ ਕਾਰਨ ਸ਼ਾਰਟ ਸਰਕਟ ਹੋ ਗਿਆ ਤੇ ਲਾਈਟਾਂ ਵਿਚ ਨੁਕਸ ਪੈ ਗਿਆ। ਇਸ ਕਾਰਨ ਦੁਬਈ, ਕਤਰ ਤੇ ਹੋਰ ਥਾਵਾਂ ਤੋਂ ਆਉਣ ਵਾਲੀਆਂ ਉਡਾਣਾਂ ਨੂੰ ਰੋਕ ਦਿੱਤਾ ਗਿਆ ਤੇ ਕੋਰੀਆ ਤੋਂ ਆਉਣ ਵਾਲੀ ਇਕ ਉਡਾਣ ਨੂੰ ਨਵੀਂ ਦਿੱਲੀ ਤਬਦੀਲ ਕੀਤਾ ਗਿਆ ਹੈ ਕਿਉਂਕਿ ਇਸ ਉਡਾਣ ਵਿਚ ਤੇਲ ਘੱਟ ਸੀ। ਜ਼ਿਕਰਯੋਗ ਹੈ ਕਿ ਇਹ ਰਨਵੇਅ 3300 ਮੀਟਰ ਲੰਬਾ ਹੈ। ਰੇਂਜੀ ਨੇ ਦੱਸਿਆ ਕਿ ਜਨਕਪੁਰ ਤੋਂ ਆਉਣ ਵਾਲੀ ਉਡਾਣ ਨੂੰ ਇਸ ਹਵਾਈ ਅੱਡੇ ’ਤੇ ਉਤਰਨ ਨਹੀਂ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਸਮੱਸਿਆ ਨੂੰ ਜਲਦੀ ਦੂਰ ਕਰ ਲਿਆ ਜਾਵੇਗਾ।
