ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਉਨ੍ਹਾਂ ਦੇ ਅਨਿੰਨ ਸੇਵਕਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੌਮੀ ਰਾਜਧਾਨੀ ਵਿੱਚ ਲਾਲ ਕਿਲੇ ’ਤੇ ਲਾਈਟ ਐਂਡ ਸਾਊਂਡ ਸ਼ੋਅ ਕੀਤਾ ਗਿਆ। ਇਸ ਸ਼ੋਅ ਵਿੱਚ ਗੁਰੂ ਸਾਹਿਬ ਦੇ ਜੀਵਨ ਕਾਲ ਤੋਂ ਲੈ ਕੇ ਉਨ੍ਹਾਂ ਦੀ ਸ਼ਹਾਦਤ ਦੇ ਸਮੇਂ ਨੂੰ ਦਰਸਾਇਆ ਗਿਆ ਹੈ। ਇਸ ਸ਼ੋਅ ਨੂੰ ਵੇਖ ਕੇ ਸ਼ਰਧਾਲੂ ਭਾਵੁਕ ਹੋ ਗਏ। ਜ਼ਿਕਰਯੋਗ ਹੈ ਕਿ ਇਹ ਸ਼ੋਅ ਕੱਲ੍ਹ ਸ਼ੁਰੂ ਹੋਇਆ ਸੀ। ਇਸ ਦੌਰਾਨ ਸ਼ੋਅ ਵਿੱਚ ਹਜ਼ਾਰਾਂ ਸ਼ਰਧਾਲੂ ਰੋਜ਼ ਪਹੁੰਚ ਰਹੇ ਹਨ। ਲਾਲ ਕਿਲੇ ’ਤੇ ਲੱਗੀ ਪ੍ਰਦਰਸ਼ਨੀ ਵੀ ਖਿੱਚ ਦਾ ਕੇਂਦਰ ਬਣੀ ਹੋਈ ਹੈ। ਤਸਵੀਰਾਂ ਰਾਹੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਲਾਸਾਨੀ ਸ਼ਹਾਦਤ ਤੇ ਸਿੱਖ ਧਰਮ ਦੇ ਹੋਰ ਅਹਿਮ ਪਲਾਂ ਨੂੰ ਚਿੱਤਰਤ ਕੀਤਾ ਗਿਆ ਹੈ। ਮੁੱਖ ਸਮਾਗਮ ਵਾਲੀ ਥਾਂ 50 ਹਜ਼ਾਰ ਸ਼ਰਧਾਲੂਆਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ ਜਦੋਂ ਕਿ ਲੰਗਰ ਵਾਲੀ ਥਾਂ ’ਤੇ ਇਕੋ ਸਮੇਂ 20 ਹਜ਼ਾਰ ਤੋਂ ਵੱਧ ਸ਼ਰਧਾਲੂ ਲੰਗਰ ਛੱਕ ਸਕਦੇ ਹਨ।
ਆਗਰਾ ਤੋਂ ਨਗਰ ਕੀਰਤਨ ਗੁਰਦੁਆਰਾ ਸੀਸ ਗੰਜ ਸਾਹਿਬ ਪਹੁੰਚਿਆ
ਆਗਰਾ ਦੇ ਗੁਰਦੁਆਰਾ ਕੇ ਤਾਲ ਤੋਂ ਆਰੰਭ ਹੋਇਆ ਨਗਰ ਕੀਰਤਨ ਅੱਜ ਗੁਰਦੁਆਰਾ ਸੀਸਗੰਜ ਸਾਹਿਬ ਵਿੱਚ ਪਹੁੰਚ ਕੇ ਸਮਾਪਤ ਹੋਇਆ। ਇਸ ਦੌਰਾਨ ਦਿੱਲੀ ਦੇ ਵੱਖ-ਵੱਖ ਖੇਤਰਾਂ ਵਿਚੋਂ ਹੁੰਦੇ ਹੋਏ ਨਗਰ ਕੀਰਤਨ ਦੇ ਦਰਸ਼ਨਾਂ ਵਾਸਤੇ ਸੜਕਾਂ ’ਤੇ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਸ਼ਾਮਲ ਹੋਏ। ਗੁਰਦੁਆਰਾ ਸੀਸਗੰਜ ਸਾਹਿਬ ਵਿੱਚ ਨਗਰ ਕੀਰਤਨ ਦੇ ਪਹੁੰਚਣ ’ਤੇ ਅਰਦਾਸ ਉਪਰੰਤ ਸਮਾਪਤੀ ਕੀਤੀ ਗਈ। ਨਗਰ ਕੀਰਤਨ ਵਿਚ ਨਿਹੰਗ ਜਥੇਬੰਦੀਆਂ ਸਮੇਤ ਦਲ ਪੰਥ ਦੀਆਂ ਹੋਰ ਸੰਪਰਦਾਵਾਂ ਦੇ ਨੁਮਾਇੰਦੇ ਵੀ ਸ਼ਾਮਲ ਸਨ।
ਗੁਰੂ ਨਾਨਕ ਗਰਲਜ਼ ਕਾਲਜ ਵਿੱਚ ਲਾਈਟ ਐਂਡ ਸ਼ੋਅ
ਯਮੁਨਾਨਗਰ (ਦਵਿੰਦਰ ਸਿੰਘ): ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਤਹਿਤ ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਹਰਿਆਣਾ ਵੱਲੋਂ ਗੁਰੂ ਨਾਨਕ ਗਰਲਜ਼ ਕਾਲਜ ਵਿੱਚ ‘ਹਿੰਦ ਦੀ ਚਾਦਰ’ ਸਿਰਲੇਖ ਵਾਲਾ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਗਿਆ। ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਗੁਰੂ ਸਾਹਿਬ ਦੇ ਜੀਵਨ, ਆਦਰਸ਼ਾਂ ਅਤੇ ਅਮਰ ਵਿਰਾਸਤ ਦੀ ਜਾਣਕਾਰੀ ਹਾਸਲ ਕੀਤੀ। ਕਾਲਜ ਦੇ ਜਨਰਲ ਸਕੱਤਰ, ਐੱਮ ਐੱਸ ਸਾਹਨੀ, ਐੱਸ ਡੀ ਐੱਮ ਵਿਸ਼ਵਨਾਥ ਸ਼ਰਮਾ ਅਤੇ ਸਿਟੀ ਮੈਜਿਸਟ੍ਰੇਟ ਪਿਊਸ਼ ਗੁਪਤਾ ਨੇ ਪੇਸ਼ਕਾਰੀ ਦੀ ਸ਼ਲਾਘਾ ਕੀਤੀ।
ਕਾਲਜ ਡਾਇਰੈਕਟਰ ਡਾ. ਵਰਿੰਦਰ ਗਾਂਧੀ ਅਤੇ ਪ੍ਰਿੰਸੀਪਲ ਡਾ. ਸੁਖਵਿੰਦਰ ਕੌਰ ਵੀ ਮੌਜੂਦ ਸਨ। ਚੰਡੀਗੜ੍ਹ ਦੇ ਤਾਲਗੁਰੂ ਪ੍ਰੋਡਕਸ਼ਨ ਨੇ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਬਾਰੇ ਲਾਈਟ ਐਂਡ ਸਾਊਂਡ ਸ਼ੋਅ ਰਾਹੀਂ ਚਾਨਣਾ ਪਾਇਆ। ਇਸ ਦੌਰਾਨ ਕਾਲਜ ਡਾਇਰੈਕਟਰ, ਡਾ. ਵਰਿੰਦਰ ਗਾਂਧੀ ਵੱਲੋਂ ਲਿਖੀ ਗਈ ਪੁਸਤਕ ‘ਗੁਰੂ ਗੋਬਿੰਦ ਸਿੰਘ ਇੱਕ ਸੰਤ ਸਿਪਾਹੀ’ ਦਾ ਲੋਕ ਅਰਪਣ ਗੁਰੂ ਗੋਬਿੰਦ ਸਿੰਘ ਇੰਦਰਪ੍ਰਸਥ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਮਹੇਸ਼ ਵਰਮਾ ਵੱਲੋਂ ਕੀਤਾ ਗਿਆ।

