ਪੁਰਾਣੀ ਦਿੱਲੀ ਵਿੱਚ ਮੁੜ ਲੀਹ ’ਤੇ ਆਉਣ ਲੱਗੀ ਜ਼ਿੰਦਗੀ
ਬਾਜ਼ਾਰਾਂ ਵਿੱਚ ਰੌਣਕ ਪਰਤਣ ਲੱਗੀ; ਲੋਕ ਪਰਿਵਾਰਾਂ ਸਣੇ ਘੁੰਮਣ ਆਉਣ ਲੱਗੇ
ਲਾਲ ਕਿਲ੍ਹਾ ਮੈਟਰੋ ਸਟੇਸ਼ਨ ਨੇੜੇ ਹੋਏ ਬੰਬ ਧਮਾਕੇ ਮਗਰੋਂ ਪੁਰਾਣੀ ਦਿੱਲੀ ਵਿੱਚ ਜ਼ਿੰਦਗੀ ਮੁੜ ਲੀਹ ’ਤੇ ਚੜ੍ਹਨ ਲੱਗੀ ਹੈ। ਚਾਂਦਨੀ ਚੌਕ-ਦਰਿਆਗੰਜ ਅਤੇ ਆਲੇ-ਦੁਆਲੇ ਦੇ ਬਾਜ਼ਾਰਾਂ ਵਿੱਚ ਫਿਰ ਤੋਂ ਮੁੜ ਤੋਂ ਲੋਕਾਂ ਦੀ ਆਮਦ ਸ਼ੁਰੂ ਹੋ ਗਈ ਹੈ। ਅੱਜ ਚਾਂਦਨੀ ਚੌਕ, ਦਰਿਆਗੰਜ, ਅਜਮੇਰੀ ਗੇਟ, ਚਾਂਦੀਵਾਲਾਨ, ਅਜਮੇਰੀ ਗੇਟ ਅਤੇ ਹੋਰ ਬਾਜ਼ਾਰਾਂ ਵਿੱਚ ਇਲਾਕੇ ਲੋਕਾਂ ਨਾਲ ਭਰੇ ਹੋਏ ਸਨ। ਇਸ ਇਲਾਕੇ ’ਚ ਲੋਕਾਂ ਦੀ ਵਧੀ ਗਿਣਤੀ ਨਾਲ ਵਪਾਰੀਆਂ ਦੇ ਚਿਹਰਿਆਂ ’ਤੇ ਵੀ ਰੌਣਕਾਂ ਪਰਤ ਆਈਆਂ ਹਨ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇੱਥੇ ਲੋਕ ਆਪਣੇ ਪਰਿਵਾਰਾਂ ਸਣੇ ਆ ਰਹੇ ਹਨ। ਇੱਥੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਚਾਂਦਨੀ ਚੌਕ ਦੇ ਮਸ਼ਹੂਰ ਸੁਆਦਾਂ ਦਾ ਆਨੰਦ ਮਾਣਦਾ ਦੇਖਿਆ ਗਿਆ। ਦੁਕਾਨਾਂ ਵਿੱਚ ਗਾਹਕਾਂ ਦਾ ਚੰਗਾ ਇਕੱਠ ਦੇਖਣ ਨੂੰ ਮਿਲਿਆ।
ਇਸ ਸਬੰਧੀ ਦੁਕਾਨਦਾਰਾਂ ਨੇ ਕਿਹਾ ਕਿ ਇੱਥੇ ਸਥਿਤੀ ਆਮ ਵਾਂਗ ਹੋ ਰਹੀ ਹੈ ਜਿਸ ਸਦਕਾ ਉਨ੍ਹਾਂ ਦੀ ਵਿੱਕਰੀ ਵਿੱਚ ਸੁਧਾਰ ਹੋਇਆ ਹੈ। ਇੱਥੇ ਭਾਵੇਂ ਹਾਲੇ ਵੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ ਪਰ ਪੁਰਾਣੀ ਦਿੱਲੀ ਦੀਆਂ ਗਲੀਆਂ ਵਿੱਚ ਜੀਵਨ ਪਹਿਲਾਂ ਵਾਂਗ ਹੋ ਰਿਹਾ ਹੈ। ਚਾਂਦਨੀ ਚੌਕ ਵਿੱਚ ਇੱਕ ਮਿਠਾਈ ਵੇਚਣ ਵਾਲੇ ਨੇ ਕਿਹਾ ਕਿ ਧਮਾਕੇ ਤੋਂ ਬਾਅਦ ਦੋ ਜਾਂ ਤਿੰਨ ਦਿਨਾਂ ਤੱਕ ਇਸ ਇਲਾਕੇ ਵਿੱਚ ਸੁੰਨ ਪੱਸਰੀ ਰਹੀ। ਉਨ੍ਹਾਂ ਕਿਹਾ ਕਿ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲਣ ਤੋਂ ਡਰਦੇ ਸਨ ਪਰ ਹੁਣ ਸਥਿਤੀ ਪਹਿਲਾਂ ਨਾਲੋਂ ਬਿਹਤਰ ਹੋ ਗਈ ਹੈ। ਦਰਿਆਗੰਜ ਵਿੱਚ ਕੱਪੜੇ ਦੀ ਦੁਕਾਨ ਚਲਾਉਣ ਵਾਲੇ ਸਲੀਮ ਖ਼ਾਨ ਨੇ ਕਿਹਾ ਕਿ ਪਿਛਲੇ ਸੋਮਵਾਰ ਦੀ ਘਟਨਾ ਤੋਂ ਬਾਅਦ ਉਹ ਨਿਰਾਸ਼ ਹੋ ਗਏ ਸਨ। ਇੱਥੇ ਹਰ ਜਗ੍ਹਾ ਪੁਲੀਸ ਤਾਇਨਾਤ ਹੋਣ ਕਾਰਨ ਗਾਹਕਾਂ ਦੀ ਗਿਣਤੀ ’ਚ ਬੇਹੱਦ ਕਮੀ ਆ ਗਈ ਸੀ ਪਰ ਹੁਣ ਮਾਹੌਲ ਬਦਲ ਰਿਹਾ ਹੈ। ਉਨ੍ਹਾਂ ਕਿਹਾ ਕਿ ਦੁਕਾਨ ’ਚ ਪੁਰਾਣੇ ਗਾਹਕ ਅਤੇ ਨਵੇਂ ਚਿਹਰੇ ਵੀ ਦਿਖਾਈ ਦੇ ਰਹੇ ਹਨ। ਇਸ ਨਾਲ ਉਸ ਦਾ ਮਨੋਬਲ ਵਧਿਆ ਹੈ। ਪੇਵਾਲਨ ਵਿੱਚ ਬਿਜਲੀ ਦਾ ਸਾਮਾਨ ਵੇਚਣ ਵਾਲੇ ਆਕਾਸ਼ ਗੁਪਤਾ ਨੇ ਕਿਹਾ ਕਿ ਇੱਥੇ ਭਾਵੇਂ ਹਾਲੇ ਪਹਿਲਾਂ ਵਾਂਗ ਭੀੜ ਨਹੀਂ ਹੈ ਪਰ ਇੱਥੇ ਆਉਣ ਵਾਲੇ ਲੋਕ ਹੁਣ ਡਰਦੇ ਨਹੀਂ ਹਨ। ਉਹ ਆਪਣੇ ਪਰਿਵਾਰਾਂ ਨਾਲ ਘੁੰਮਣ ਲਈ ਬਾਹਰ ਆ ਰਹੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਅਗਲੇ ਹਫ਼ਤੇ ਤੱਕ ਕਾਰੋਬਾਰ ਆਮ ਵਾਂਗ ਹੋ ਜਾਵੇਗਾ। ਇਸ ਦੌਰਾਨ ਚਾਂਦੀਵਾਲਾਨ ਦੀ ਗਲੀ ’ਚ ਦੁਕਾਨ ਚਲਾਉਣ ਵਾਲੇ ਮੁੰਨਾ ਲਾਲ ਨੇ ਕਿਹਾ ਕਿ ਜਦੋਂ ਬੱਚੇ ਗੋਲਗੱਪੇ ਖਾਣ ਆਉਣ ਲੱਗ ਜਾਣ ਤਾਂ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਲੋਕਾਂ ’ਚ ਡਰ ਖ਼ਤਮ ਹੋ ਗਿਆ ਹੈ।

