ਲੇਹ ਹਿੰਸਾ: ਕੇਂਦਰ ਵੱਲੋਂ ਸੁਪਰੀਮ ਕੋਰਟ ਦੇ ਸਾਬਕਾ ਜੱਜ ਦੀ ਨਿਗਰਾਨੀ ਹੇਠ ਜਾਂਚ ਦੇ ਹੁਕਮ
MHA orders inquiry by retired SC judge B S Chauhan into September 24 violence in Leh: Officials. PTIਕੇਂਦਰੀ ਗ੍ਰਹਿ ਮੰਤਰਾਲੇ ਨੇ 24 ਸਤੰਬਰ ਨੂੰ ਹੋਈ ਲੇਹ ਹਿੰਸਾ ਦੀ ਜਾਂਚ ਸੁਪਰੀਮ ਕੋਰਟ ਦੇ ਸਾਬਕਾ ਜੱਜ ਦੀ ਨਿਗਰਾਨੀ ਹੇਠ ਕਰਵਾਉਣ ਦਾ ਹੁਕਮ ਜਾਰੀ ਕੀਤਾ ਗਿਆ ਹੈ। ਕੇਂਦਰੀ ਅਧਿਕਾਰੀਆਂ ਨੇ ਦੱਸਿਆ ਕਿ ਲੇਹ ਹਿੰਸਾ ਦੀ ਜਾਂਚ ਸਾਬਕਾ ਜਸਟਿਸ ਬੀ ਐਸ ਚੌਹਾਨ ਕਰਨਗੇ। ਲੇਹ ਹਿੰਸਾ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਜ਼ਖਮੀ ਹੋ ਗਏ ਸਨ। ਇਸ ਵੇਲੇ ਲੇਹ ਤੇ ਲਦਾਖ ਵਿਚ ਹਾਲਾਤ ਆਮ ਵਾਂਗ ਹੋ ਗਏ ਹਨ। ਜ਼ਿਕਰਯੋਗ ਹੈ ਕਿ ਲਦਾਖ ਦੇ ਲੇਹ ਜ਼ਿਲ੍ਹੇ ਵਿੱਚ ਦੋ ਦਿਨ ਪਹਿਲਾਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਸਨ। ਇਹ ਪਾਬੰਦੀਆਂ 22 ਦਿਨਾਂ ਬਾਅਦ ਹਟਾਈਆਂ ਗਈਆਂ ਸਨ ਪਰ ਲਦਾਖ ਦੇ ਲੇਹ ਜ਼ਿਲ੍ਹੇ ਵਿੱਚ ਅਮਨ ਕਾਨੂੰਨ ਵਿਵਸਥਾ ਦੇ ਵਿਗੜਨ ਦੀ ਸੰਭਾਵਨਾ ਨੂੰ ਦੇਖਦੇ ਹੋਏ ਪਾਬੰਦੀਆਂ ਮੁੜ ਲਗਾਈਆਂ ਗਈਆਂ ਹਨ। ਇਹ ਕਦਮ ਲੇਹ ਵਿੱਚ ਪਾਬੰਦੀਆਂ ਹਟਾਉਣ ਤੋਂ ਸਿਰਫ਼ ਦੋ ਦਿਨ ਬਾਅਦ ਆਇਆ ਹੈ। ਇਸ ਤੋਂ ਪਹਿਲਾਂ ਇੱਥੇ ਰਾਜ ਦਾ ਦਰਜਾ ਅਤੇ ਛੇਵੀਂ ਸ਼ਡਿਊਲ ਦਰਜੇ ਦੀ ਮੰਗ ਕਰਦੇ ਹੋਏ ਹਿੰਸਕ ਝੜਪਾਂ ਹੋ ਗਈਆਂ ਸਨ ਜਿਸ ਵਿੱਚ ਚਾਰ ਜਣੇ ਮਾਰੇ ਗਏ ਸਨ ਅਤੇ 90 ਜ਼ਖਮੀ ਹੋ ਗਏ ਸਨ। ਪਿਛਲੇ ਮਹੀਨੇ ਦੀ ਹਿੰਸਾ ਵਿੱਚ ਜਾਨਾਂ ਗੁਆਉਣ ਵਾਲੇ ਚਾਰ ਵਿਅਕਤੀਆਂ ਦੇ ਪਰਿਵਾਰਾਂ ਦੇ ਨਾਲ-ਨਾਲ ਗੰਭੀਰ ਜ਼ਖਮੀ ਹੋਏ ਲੋਕਾਂ ਨਾਲ ਏਕਤਾ ਪ੍ਰਗਟਾਉਣ ਲਈ 18 ਅਕਤੂਬਰ ਨੂੰ ਲਦਾਖ ਵਿੱਚ ਦੋ ਘੰਟੇ ਦੇ ਮੌਨ ਮਾਰਚ ਅਤੇ ਤਿੰਨ ਘੰਟੇ ਦੇ ਬਲੈਕਆਊਟ ਦੇ ਸੱਦੇ ਦੇ ਮੱਦੇਨਜ਼ਰ ਪਾਬੰਦੀਆਂ ਮੁੜ ਲਗਾਈਆਂ ਗਈਆਂ ਹਨ। ਐਲਏਬੀ ਨੇ ਕਿਹਾ ਕਿ ਇਹ ਪ੍ਰਦਰਸ਼ਨ ਹਿਰਾਸਤ ਵਿੱਚ ਲਏ ਗਏ ਨੌਜਵਾਨਾਂ ਦੀ ਰਿਹਾਈ ਵਿੱਚ ਦੇਰੀ ਦਾ ਵਿਰੋਧ ਕਰਨ ਲਈ ਵੀ ਹੈ।