ਸਤੇਂਦਰ ਜੈਨ ’ਤੇ ਝੂਠੇ ਦੋਸ਼ ਲਾਉਣ ਵਾਲਿਆਂ ’ਤੇ ਕਾਨੂੰਨੀ ਕਾਰਵਾਈ ਹੋਵੇ: ਸੌਰਭ ਭਾਰਦਵਾਜ
ਸੀਬੀਆਈ ਅਦਾਲਤ ਵੱਲੋਂ ਸਾਬਕਾ ਪੀਡਬਲਯੂਡੀ ਮੰਤਰੀ ਸਤੇਂਦਰ ਜੈਨ ਨੂੰ ਕਥਿਤ ਭ੍ਰਿਸ਼ਟਾਚਾਰ ਮਾਮਲੇ ’ਚ ਕਲੀਨ ਚਿੱਟ ਮਿਲਣ ਮਗਰੋਂ ਆਮ ਆਦਮੀ ਪਾਰਟੀ ਲਗਾਤਾਰ ਭਾਜਪਾ ’ਤੇ ਨਿਸ਼ਾਨੇ ਸੇਧ ਰਹੀ ਹੈ। ‘ਆਪ’ ਦੇ ਦਿੱਲੀ ਪ੍ਰਦੇਸ਼ ਪ੍ਰਧਾਨ ਸੌਰਭ ਭਾਰਦਵਾਜ ਨੇ ਕਿਹਾ ਕਿ ਸਤੇਂਦਰ ਜੈਨ ਨੂੰ ਸਿਰਫ਼ ਅੱਧਾ ਇਨਸਾਫ਼ ਮਿਲਿਆ ਹੈ। ਉਨ੍ਹਾਂ ਨੂੰ ਪੂਰਾ ਇਨਸਾਫ਼ ਉਦੋਂ ਹੀ ਮਿਲੇਗਾ ਜਦੋਂ ਉਨ੍ਹਾਂ ’ਤੇ ਝੂਠਾ ਦੋਸ਼ ਲਾਉਣ ਵਾਲੇ ਲੋਕਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਭਾਰਦਵਾਜ ਨੇ ਕਿਹਾ ਕਿ ਪਹਿਲਾਂ ਵਿਜੇਂਦਰ ਗੁਪਤਾ ਝੂਠੀ ਸ਼ਿਕਾਇਤ ਕਰਦਾ ਹੈ। ਫਿਰ ਐੱਲਜੀ ਉਹੀ ਸ਼ਿਕਾਇਤ ਸੀਬੀਆਈ ਨੂੰ ਭੇਜਦੇ ਹਨ। ਸ਼ਿਕਾਇਤ ਵਿੱਚ ਕੁਝ ਨਹੀਂ ਹੁੰਦਾ, ਫਿਰ ਵੀ ਸਤੇਂਦਰ ਜੈਨ ਵਿਰੁੱਧ ਝੂਠਾ ਕੇਸ ਦਰਜ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਸੀਬੀਆਈ ਬਿਨਾਂ ਕਿਸੇ ਸਬੂਤ ਦੇ ਜਾਂਚ ਸ਼ੁਰੂ ਕਰਦੀ ਹੈ ਅਤੇ ਸਤੇਂਦਰ ਜੈਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਲਗਾਤਾਰ ਪ੍ਰੇਸ਼ਾਨ ਕੀਤਾ ਜਾਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅਜਿਹੀ ਪਰੇਸ਼ਾਨੀ ਲਈ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਦਾਲਤ ਵੱਲੋਂ ਇਸ ਕੇਸ ਨੂੰ ਬੰਦ ਕੀਤੇ ਜਾਣ ਕਰਕੇ, ਇਹ ਸਪੱਸ਼ਟ ਹੋ ਗਿਆ ਹੈ ਕਿ ਵਿਜੇਂਦਰ ਗੁਪਤਾ ਨੇ ਸਤੇਂਦਰ ਜੈਨ ਅਤੇ ‘ਆਪ’ ਨੂੰ ਬਦਨਾਮ ਕਰਨ ਲਈ ਹੀ ਝੂਠੀ ਸ਼ਿਕਾਇਤ ਕੀਤੀ ਸੀ।ਉਨ੍ਹਾਂ ਨੇ ਇਸ ਮਾਮਲੇ ਵਿੱਚ ਸ਼ਾਮਲ ਸੀਬੀਆਈ ਅਧਿਕਾਰੀਆਂ ਵਿਰੁੱਧ ਵੀ ਕੇਸ ਦਰਜ ਕੀਤੇ ਜਾਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸੀਬੀਆਈ ਅਧਿਕਾਰੀਆਂ ਨੇ ਸਤੇਂਦਰ ਜੈਨ ਵਿਰੁੱਧ ਬਿਨਾਂ ਕਿਸੇ ਆਧਾਰ ਦੇ ਕੇਸ ਦਰਜ ਕੀਤਾ ਸੀ।