ਵਕੀਲਾਂ ਵੱਲੋਂ ਸਾਕੇਤ ਅਦਾਲਤ ਵਿੱਚ ਹੜਤਾਲ
ਦੱਖਣੀ ਦਿੱਲੀ ਦੀ ਸਾਕੇਤ ਅਦਾਲਤ ਵਿੱਚ ਪੁਲੀਸ ਅਤੇ ਵਕੀਲਾਂ ਵਿਚਾਲੇ ਹੋਈ ਝੜਪ ਦੇ ਮਾਮਲੇ ਵਿੱਚ ਪੁਲੀਸ ਨੇ ਵਕੀਲਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਦੇ ਵਿਰੋਧ ਵਿੱਚ ਅੱਜ ਸਾਕੇਤ ਅਦਾਲਤ ਵਿੱਚ ਵਕੀਲਾਂ ਵੱਲੋਂ ਹੜਤਾਲ ਕੀਤੀ ਗਈ। ਇਸ ਦੌਰਾਨ ਅਦਾਲਤ ਦੇ ਬਾਹਰ ਵੱਡੀ ਗਿਣਤੀ ਪੁਲੀਸ ਫੋਰਸ ਤਾਇਨਾਤ ਕੀਤੀ ਗਈ। ਇਸ ਦੇ ਨਾਲ ਹੀ ਅਦਾਲਤ ਦਾ ਕੰਮ ਬੰਦ ਹੋਣ ਕਾਰਨ ਉੱਥੇ ਜਾਣ ਵਾਲੇ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਇਹ ਹੜਤਾਲ ਸਾਕੇਤ ਬਾਰ ਐਸੋਸੀਏਸ਼ਨ ਦੇ ਸੱਦੇ ’ਤੇ ਕੀਤੀ ਗਈ। ਵਕੀਲਾਂ ਦੇ ਇਸ ਸੰਗਠਨ ਨੇ ਦਿੱਲੀ ਪੁਲੀਸ ’ਤੇ ਪੱਖਪਾਤੀ ਰਵੱਈਏ ਦਾ ਦੋਸ਼ ਲਾਇਆ ਹੈ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਇੱਕ ਸਬ-ਇੰਸਪੈਕਟਰ ਨੇ ਅਦਾਲਤ ਕੰਪਲੈਕਸ ਅੰਦਰ ਵਕੀਲਾਂ ’ਤੇ ਉਸ ਨਾਲ ਧੱਕਾਮੁੱਕੀ ਕਰਨ ਅਤੇ ਉਸ ਦੀ ਵਰਦੀ ਪਾੜਨ ਦਾ ਦੋਸ਼ਲਾਇਆ ਸੀ। ਪੁਲੀਸ ਅਧਿਕਾਰੀ ਇੱਕ ਕੇਸ ਸਬੰਧੀ ਸੁਣਵਾਈ ਲਈ ਅਦਾਲਤ ਗਿਆ ਸੀ। ਬਾਰ ਐਸੋਸੀਏਸ਼ਨ ਦਾ ਤਰਕ ਹੈ ਕਿ ਜਦੋਂ ਵਕੀਲ ਦੋਸ਼ੀ ਧਿਰ ਹੁੰਦੇ ਹਨ ਤਾਂ ਪੁਲੀਸ ‘ਹਾਈਪਰਐਕਟਿਵ’ ਹੋ ਜਾਂਦੀ ਹੈ।
ਪੁਲੀਸ ਐਫਆਈਆਰ ਦਰਜ ਕਰਨ ਵਿੱਚ ਜਲਦੀ ਕਰਦੀ ਹੈ। ਐਸੋਸੀਏਸ਼ਨ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਜਦੋਂ ਵਕੀਲ ਸ਼ਿਕਾਇਤਕਰਤਾ ਹੁੰਦੇ ਹਨ, ਤਾਂ ਪੁਲੀਸ ਕਾਰਵਾਈ ਦੀ ਰਫ਼ਤਾਰ ਹੌਲੀ ਹੋ ਜਾਂਦੀ ਹੈ। ਉਹ ਸ਼ਿਕਾਇਤਾਂ ਦੇ ਆਧਾਰ ’ਤੇ ਜਾਂਚ ਕਰਨ ਅਤੇ ਜਲਦੀ ਨਿਆਂ ਦੇਣ ਤੋਂ ਵੀ ਝਿਜਕਦੇ ਹਨ।
ਜ਼ਿਕਰਯੋਗ ਹੈ ਕਿ ਸਾਕੇਤ ਬਾਰ ਐਸੋਸੀਏਸ਼ਨ (ਐਸਬੀਏ) ਨੇ ਦਿੱਲੀ ਪੁਲੀਸ ਵੱਲੋਂ ਵਕੀਲਾਂ ਵਿਰੁੱਧ ‘ਪੱਖਪਾਤੀ ਅਤੇ ਗੈਰ-ਕਾਨੂੰਨੀ ਐਫਆਈਆਰ ਦਰਜ ਕਰਨ’ ਦੇ ਵਿਰੋਧ ਵਿੱਚ 19 ਜੁਲਾਈ 2025 ਨੂੰ ਪੂਰੀ ਹੜਤਾਲ ਦਾ ਸੱਦਾ ਦਿੱਤਾ ਸੀ। ਹੜਤਾਲ ਦੌਰਾਨ ਵਕੀਲ ਸਿੱਧੀ ਅਤੇ ਵਰਚੁਅਲ ਅਦਾਲਤੀ ਕਾਰਵਾਈਆਂ ਤੋਂ ਦੂਰ ਰਹੇ। ਐਸੋਸੀਏਸ਼ਨ ਨੇ ਪੁਲੀਸ ’ਤੇ ਵਕੀਲਾਂ ਨਾਲ ਸਬੰਧਤ ਸ਼ਿਕਾਇਤਾਂ ਦੇ ਹੱਲ ਵਿੱਚ ਦੋਹਰੇ ਮਾਪਦੰਡ ਅਪਣਾਉਣ ਦਾ ਦੋਸ਼ ਲਗਾਇਆ ਹੈ। ਉਧਰ ਲੋਕਾਂ ਦਾ ਕੰਮ ਪ੍ਰਭਾਵਿਤ ਹੋਇਆ ਅਤੇ ਕਈਆਂ ਦੇ ਜ਼ਰੂਰੀ ਕੰਮ ਅਟਕ ਗਏ।
ਸਾਕੇਤ ਅਦਾਲਤ ਦੇ ਸਕੱਤਰ ਅਨਿਲ ਬਸੋਆ ਨੇ ਕਿਹਾ, ‘ਅਸੀਂ ਹੜਤਾਲਾਂ ਨਹੀਂ ਚਾਹੁੰਦੇ, ਪਰ ਅਸੀਂ ਅਜਿਹਾ ਇਸ ਲਈ ਕਰ ਰਹੇ ਹਾਂ ਕਿਉਂਕਿ ਸਾਡੇ ਨਾਲ ਬੇਇਨਸਾਫ਼ੀ ਹੋ ਰਹੀ ਹੈ... ਪੁਲੀਸ ਨੇ ਵਕੀਲਾਂ ਵਿਰੁੱਧ ਝੂਠੀ ਐਫਆਈਆਰ ਦਰਜ ਕੀਤੀ ਹੈ ਅਤੇ ਅਸੀਂ ਇਸ ਦਾ ਵਿਰੋਧ ਕਰ ਰਹੇ ਹਾਂ।’ ਉਨ੍ਹਾਂ ਕਿਹਾ ਕਿ ਪੁਲੀਸ ਕਦੇ ਵੀ ਵਕੀਲਾਂ ਦੀਆਂ ਸ਼ਿਕਾਇਤਾਂ ਦੀ ਜਾਂਚ ਨਹੀਂ ਕਰਦੀ। ਉਨ੍ਹਾਂ ਕਿਹਾ, ‘ਜੇ ਉਹ ਸਾਡੀ ਮੰਗ ਪੂਰੀ ਕਰਦੇ ਹਨ ਤਾਂ ਅਸੀਂ ਹੜਤਾਲ ਬੰਦ ਕਰ ਦੇਵਾਂਗੇ; ਨਹੀਂ ਤਾਂ ਇਹ ਜਾਰੀ ਰਹੇਗੀ। ਅਸੀਂ ਪੁਲੀਸ ਨੂੰ ਅਦਾਲਤ ਦੇ ਅਹਾਤੇ ਵਿੱਚ ਦਾਖਲ ਹੋਣ ਜਾਂ ਇੱਥੇ ਕੰਮ ਨਹੀਂ ਕਰਨ ਦਿਆਂਗੇ।’