ਲੈਂਡ ਪੂਲਿੰਗ: ਸੰਯੁਕਤ ਕਿਸਾਨ ਮੋਰਚੇ ਵੱਲੋਂ ਟਰੈਕਟਰ ਮਾਰਚ ਦਾ ਐਲਾਨ
ਮਨਧੀਰ ਸਿੰਘ ਦਿਓਲ
ਸੰਯੁਕਤ ਕਿਸਾਨ ਮੋਰਚੇ ਵੱਲੋਂ 30 ਜੁਲਾਈ ਨੂੰ ਪੰਜਾਬ ਭਰ ਵਿੱਚ ਟਰੈਕਟਰ ਮਾਰਚ ਕੱਢ ਕੇ ਪੰਜਾਬ ਸਰਕਾਰ ਦੀ ਨਵੀਂ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਰੋਸ ਪ੍ਰਗਟਾਇਆ ਜਾਵੇਗਾ। ਇਹ ਫ਼ੈਸਲਾ ਸੰਯੁਕਤ ਕਿਸਾਨ ਮੋਰਚੇ ਦੀ ਇੱਥੇ ਹੋਈ ਜਨਰਲ ਬਾਡੀ ਮੀਟਿੰਗ ਵਿੱਚ ਲਿਆ ਗਿਆ। ਇਸ ਦੇ ਨਾਲ ਹੀ ਇਹ ਫ਼ੈਸਲਾ ਵੀ ਕੀਤਾ ਗਿਆ ਕਿ ਕੇਂਦਰ ਸਰਕਾਰ ਖ਼ਿਲਾਫ਼ 13 ਅਗਸਤ ਨੂੰ ਅਮਰੀਕੀ ਰਾਸ਼ਟਰਪਤੀ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਦੇ ਦੇਸ਼ ਪੱਧਰ ’ਤੇ ਪੁਤਲੇ ਫੂਕੇ ਜਾਣਗੇ ਜਦਕਿ 24 ਅਗਸਤ ਨੂੰ ਮੁੱਲਾਂਪੁਰ ਵਿੱਚ ਮਹਾਂ ਰੈਲੀ ਕੀਤੀ ਜਾਵੇਗੀ। ਇਸੇ ਤਰ੍ਹਾਂ 26 ਨਵੰਬਰ ਨੂੰ ਕੌਮੀ ਪੱਧਰ ’ਤੇ ਜ਼ਿਲ੍ਹਾ ਹੈੱਡਕੁਆਰਟਰਾਂ, ਤਹਿਸੀਲ ਕੰਪਲੈਕਸਾਂ ਅਤੇ ਸੂਬਾਈ ਰਾਜਧਾਨੀਆਂ ਵਿੱਚ ਪ੍ਰਦਰਸ਼ਨ ਕਰਨ ਬਾਰੇ ਫ਼ੈਸਲਾ ਕੀਤਾ ਜਾਵੇਗਾ।
ਇੱਥੋਂ ਦੇ ਹਰਿਕ੍ਰਿਸ਼ਨ ਸਿੰਘ ਸੁਰਜੀਤ ਭਵਨ ਵਿੱਚ ਅੱਜ ਮੋਰਚੇ ਦੀ ਜਨਰਲ ਬਾਡੀ ਮੀਟਿੰਗ ਵਿੱਚ ਪੰਜਾਬ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਖੰਡ, ਰਾਜਸਥਾਨ ਸਣੇ ਦੱਖਣੀ ਭਾਰਤ ਦੇ ਕਈ ਰਾਜਾਂ ਦੇ ਨੁਮਾਇੰਦੇ ਸ਼ਾਮਲ ਹੋਏ। ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸਾਲ 2013 ਜ਼ਮੀਨ ਗ੍ਰਹਿਣ ਐਕਟ ਨਾਲੋਂ ਵੀ ਲੈਂਡ ਪੂਲਿੰਗ ਨੀਤੀ ਵੱਧ ਖ਼ਤਰਨਾਕ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦੀਆਂ ਸੂਬਾ ਇਕਾਈਆਂ ਆਪਣੇ ਪੱਧਰ ’ਤੇ ਉੱਥੋਂ ਦੇ ਹਾਲਾਤ ਅਨੁਸਾਰ ਸੰਘਰਸ਼ ਵਿੱਢਣ। ਨੌਜਵਾਨ ਕਿਸਾਨ ਆਗੂ ਰਮਿੰਦਰ ਸਿੰਘ ਪਟਿਆਲਾ ਨੇ ਕਿਹਾ ਕਿ ਹੁਣ ਕਾਰਪੋਰੇਟ ਸੰਸਥਾਵਾਂ ਰਾਹੀਂ ਨਕਲੀ ਖਾਦ ਵੇਚੇ ਜਾਣ ਤੋਂ ਸਾਬਤ ਹੁੰਦਾ ਹੈ ਕਿ ਭ੍ਰਿਸ਼ਟਾਚਾਰ ਕਿੱਥੋਂ ਤੱਕ ਫੈਲ ਚੁੱਕਾ ਹੈ। ਡਾ. ਦਰਸ਼ਨ ਪਾਲ ਨੇ ਕਿਹਾ ਕਿ ਕਿਸਾਨਾਂ ਨੂੰ ਅਮਰੀਕਾ ਨਾਲ ਹੋ ਰਹੇ ਵਪਾਰਕ ਸਮਝੌਤੇ ਬਾਰੇ ਲਾਮਬੰਦ ਕੀਤਾ ਜਾਵੇਗਾ।