ਕਿਰਨਦੀਪ ਕੌਰ ਨੂੰ ‘ਸੁਨੱਖੀ ਪੰਜਾਬਣ’ ਦਾ ਖ਼ਿਤਾਬ
ਮਾਂ ਬੋਲੀ ਪੰਜਾਬੀ, ਸਭਿਆਚਾਰ ਤੇ ਵਿਰਸੇ ਨੂੰ ਸੰਭਾਲਣ ਦੀ ਕੋਸ਼ਿਸ਼ਾਂ ਦੇ ਮੱਦੇਨਜ਼ਰ ਕਰਵਾਏ ਜਾਣ ਵਾਲੇ ‘ਸੁਨੱਖੀ ਪੰਜਾਬਣ ਮੁਕਾਬਲਾ -7’ ਦਾ ਗ੍ਰੈਂਡ ਫ਼ਾਈਨਲ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਪੀਤਮਪੁਰਾ ਨਵੀਂ ਦਿੱਲੀ ਵਿਖੇ ਕਰਾਇਆ ਗਿਆ। ਜਿਸ ਵਿੱਚ ਪ੍ਰਸਿੱਧ ਪੰਜਾਬੀ ਫਿਲਮ ਅਦਾਕਾਰ ਅਤੇ ਵਿਰਾਸਤ ਫਿਲਮਜ਼ ਦੇ ਮਾਲਕ ਜਰਨੈਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੇ ਨਾਲ ਹੀ ਗੈਸਟ ਆਫ਼ ਆਨਰ ਵਜੋਂ ਉਦਯੋਗਪਤੀ ਸੁਨੀਤਾ ਸਿੰਘ, ਡਾ. ਹਰੀਸ਼ ਭਾਟੀਆ, ਸੰਦੀਪ ਕੌਰ ਸਣੇ ਕਈ ਸ਼ਖ਼ਸੀਅਤਾਂ ਹਾਜ਼ਰ ਰਹੀਆਂ। ਜੱਜਾਂ ਦੇ ਪੈਨਲ ’ਚ ਅਦਾਕਾਰਾ ਨਵਪ੍ਰੀਤ ਗਿੱਲ, ਜੀਤ ਮਥਾਰੂ, ਪੁਨੀਤ ਕੋਛਰ, ਭੰਗੜਾ ਕੁਈਨ ਐਸ਼ਲੀ ਕੌਰ, ਅਦਾਕਾਰਾ ਮੀਸ਼ਾ ਸਰੋਵਾਲ, ਉਦਯੋਗਪਤੀ ਅਮਨ ਕੂਨਰ ਅਤੇ ਰੋਜ਼ਾ ਹਰਬਲ ਕੇਅਰ ਦੇ ਡਾਇਰੈਕਟਰ ਦੀਪਿੰਦਰ ਸਿੰਘ ਨਾਰੰਗ ਸ਼ਾਮਲ ਸਨ। ਪ੍ਰੋਗਰਾਮ ਵਿੱਚ ਗੁਰੂ ਗੋਬਿੰਦ ਸਿੰਘ ਕਾਲਜ ਦੀ ਭੰਗੜਾ ਟੀਮ ਵੱਲੋਂ ਭੰਗੜੇ ਦੀ ਪੇਸ਼ਕਾਰੀ ਕੀਤੀ ਗਈ। ਸਿਮਨੀਤ ਕੌਰ ਤੇ ਅਰਲੀਨ ਕੌਰ ਵੱਲੋਂ ਵੀ ਪੰਜਾਬੀ ਸਭਿਆਚਾਰ ’ਤੇ ਇੱਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਫਾਈਨਲ ਮੁਕਾਬਲੇ ਵਿੱਚ ਦਿੱਲੀ, ਜਲੰਧਰ, ਪਠਾਨਕੋਟ, ਨਾਭਾ, ਬਰਨਾਲਾ ਫਰੀਦਕੋਟ, ਅੰਮ੍ਰਿਤਸਰ, ਗਵਾਲੀਅਰ ਅਤੇ ਕਾਨਪੁਰ ਤੋਂ ਹਿੱਸਾ ਲੈਣ ਆਈਆਂ ਮੁਟਿਆਰਾਂ ਨੇ ਪੰਜਾਬੀ ਲੋਕ ਗੀਤ, ਭੰਗੜਾ, ਨਾਟਕ, ਕਾਮੇਡੀ ਅਤੇ ਹੋਰ ਤਰੀਕਿਆਂ ਰਾਹੀਂ ਆਪਣੇ-ਆਪਣੇ ਹੁਨਰ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਕੀਤੀ। ਇਸ ਮੁਕਾਬਲੇ ਵਿੱਚ ਪੰਜਾਬਣ ਮੁਟਿਆਰ ਦਿੱਲੀ ਦੀ ਕਿਰਨਦੀਪ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜਦਕਿ ਦੂਜਾ ਸਥਾਨ ਜਲੰਧਰ ਤੋਂ ਭਾਰਤੀ ਓਜਲਾ ਅਤੇ ਦਿੱਲੀ ਦੀ ਦੁਰਗਾ ਮਲਹੋਤਰਾ ਨੇ ਸਾਂਝੇ ਤੌਰ ’ਤੇ ਹਾਸਲ ਕੀਤਾ। ਇਸੇ ਪ੍ਰਕਾਰ ਤੀਜਾ ਸਥਾਨ ਪਟਿਆਲੇ ਦੀ ਖੁਸ਼ੀ ਅਤੇ ਦਿੱਲੀ ਦੀ ਮੁਟਿਆਰ ਨੇ ਸਾਂਝੇ ਤੌਰ ’ਤੇ ਹਾਸਲ ਕੀਤਾ।