Kharge on Tharoor: ਕੁਝ ਲੋਕਾਂ ਲਈ ‘ਮੋਦੀ ਪਹਿਲਾਂ, ਦੇਸ਼ ਪਿੱਛੋਂ’: ਖੜਗੇ ਦਾ ਥਰੂਰ 'ਤੇ ਨਿਸ਼ਾਨਾ
For some it's 'Modi first, country later': Kharge's swipe at Tharoor
ਨਵੀਂ ਦਿੱਲੀ, 25 ਜੂਨ
ਕਾਂਗਰਸ ਆਗੂ ਸ਼ਸ਼ੀ ਥਰੂਰ 'ਤੇ ਮਜ਼ਾਕ ਉਡਾਉਂਦਿਆਂ ਪਾਰਟੀ ਮੁਖੀ ਮਲਿਕਾਰਜੁਨ ਖੜਗੇ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ‘ਪਹਿਲਾਂ ਦੇਸ਼’ ਦੇ ਮੰਤਰ ਵਿੱਚ ਵਿਸ਼ਵਾਸ ਰੱਖਦੀ ਹੈ ਪਰ ਕੁਝ ਲੋਕਾਂ ਲਈ ਇਹ ‘ਪਹਿਲਾਂ ਮੋਦੀ ਅਤੇ ਦੇਸ਼ ਬਾਅਦ ਵਿੱਚ’ ਹੈ।
ਖੜਗੇ (Congress President Mallikarjun Kharge) ਨੇ ਕਿਹਾ, "ਮੈਨੂੰ ਅੰਗਰੇਜ਼ੀ ਚੰਗੀ ਤਰ੍ਹਾਂ ਨਹੀਂ ਆਉਂਦੀ। ਉਨ੍ਹਾਂ (ਥਰੂਰ) ਦੀ ਭਾਸ਼ਾ ਬਹੁਤ ਵਧੀਆ ਹੈ, ਇਸ ਲਈ ਅਸੀਂ ਉਨ੍ਹਾਂ ਨੂੰ ਕਾਂਗਰਸ ਵਰਕਿੰਗ ਕਮੇਟੀ ਮੈਂਬਰ ਬਣਾਇਆ ਹੈ।" ਗ਼ੌਰਤਲਬ ਹੈ ਕਿ ਖੜਗੇ ਥਰੂਰ (Congress leader Shashi Tharoor) ਦੇ ਅਪ੍ਰੇਸ਼ਨ ਸਿੰਦੂਰ ਆਊਟਰੀਚ 'ਤੇ ਲਿਖੇ ਲੇਖ ਬਾਰੇ ਪੁੱਛੇ ਗਏ ਇਕ ਸਵਾਲ ਦਾ ਜਵਾਬ ਦੇ ਰਹੇ ਸਨ। ਇਸ ਲੇਖ ਵਿਚ ਥਰੂਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ ਸੀ।
ਕਾਂਗਰਸ ਪ੍ਰਧਾਨ ਨੇ ਕਿਹਾ, "ਪਰ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਵਿਰੋਧੀ ਧਿਰ ਨੇ ਇਕੱਠਿਆਂ ਕਿਹਾ ਕਿ ਉਹ ਉਸ ਫੌਜ ਦੇ ਨਾਲ ਹਨ ਜੋ (ਆਪ੍ਰੇਸ਼ਨ ਸਿੰਦੂਰ ਦੌਰਾਨ) ਲੜ ਰਹੀ ਹੈ। ਅਸੀਂ (ਕਾਂਗਰਸ) ਨੇ ਕਿਹਾ ਕਿ ਦੇਸ਼ ਸਭ ਤੋਂ ਵੱਡਾ ਹੈ ਅਤੇ ਅਸੀਂ (ਸਰਕਾਰ ਨਾਲ) ਮਿਲ ਕੇ ਕੰਮ ਕਰਾਂਗੇ। ਅਸੀਂ ਕਿਹਾ 'ਪਹਿਲਾਂ ਦੇਸ਼, ਪਾਰਟੀ ਪਿੱਛੋਂ' ਹੈ। ਕੁਝ ਲੋਕ ਕਹਿੰਦੇ ਹਨ 'ਪਹਿਲਾਂ ਮੋਦੀ, ਦੇਸ਼ ਪਿੱਛੋਂ' ਹੈ। ਇਸ ਵਿਚ ਅਸੀਂ ਕੀ ਕਰ ਸਕਦੇ ਹਾਂ।"
ਖੜਗੇ ਦੀਆਂ ਟਿੱਪਣੀਆਂ ਤੋਂ ਫ਼ੌਰੀ ਬਾਅਦ, ਥਰੂਰ ਨੇ ਐਕਸ X 'ਤੇ ਇੱਕ ਲੁਕਵੀਂ ਪੋਸਟ ਪਾਈ ਜਿਸ ਵਿੱਚ ਇੱਕ ਪੰਛੀ ਦੀ ਤਸਵੀਰ ਸੀ ਅਤੇ ਇਸ ਦੀ ਕੈਪਸ਼ਨ ਸੀ: "ਉੱਡਣ ਦੀ ਇਜਾਜ਼ਤ ਨਾ ਮੰਗੋ। ਖੰਭ ਤੁਹਾਡੇ ਹਨ। ਅਤੇ ਅਸਮਾਨ ਕਿਸੇ ਦਾ ਨਹੀਂ ਹੈ...।"
ਗ਼ੌਰਤਲਬ ਹੈ ਕਿ ਥਰੂਰ ਨੇ ਸੋਮਵਾਰ ਨੂੰ ‘ਦਾ ਹਿੰਦੂ’ ਵਿੱਚ ਪ੍ਰਕਾਸ਼ਿਤ ਇੱਕ ਲੇਖ ਵਿੱਚ ਕਿਹਾ ਕਿ ਮੋਦੀ ਦੀ ਊਰਜਾ, ਗਤੀਸ਼ੀਲਤਾ ਅਤੇ ਸ਼ਮੂਲੀਅਤ ਕਰਨ ਦੀ ਇੱਛਾ ਵਿਸ਼ਵ ਪੱਧਰ 'ਤੇ ਭਾਰਤ ਲਈ ਇੱਕ "ਪ੍ਰਮੁੱਖ ਸੰਪਤੀ" ਬਣੀ ਹੋਈ ਹੈ ਪਰ ਉਹ ਇਸ ਸਬੰਧੀ ਵਧੇਰੇ ਸਮਰਥਨ ਦੇ ਹੱਕਦਾਰ ਹਨ।
ਉਨ੍ਹਾਂ ਦੀਆਂ ਟਿੱਪਣੀਆਂ ਨੂੰ ਉਨ੍ਹਾਂ ਦੀ ਕਾਂਗਰਸ ਪਾਰਟੀ ਨੂੰ ਪ੍ਰੇਸ਼ਾਨ ਕਰਨ ਅਤੇ ਪਾਰਟੀ ਲੀਡਰਸ਼ਿਪ ਨਾਲ ਉਨ੍ਹਾਂ ਦੇ ਸਬੰਧਾਂ ਵਿੱਚ ਦਰਾੜਾਂ ਵਧਾਉਣ ਦੀ ਸੰਭਾਵਨਾ ਵਾਲੀਆਂ ਵਜੋਂ ਦੇਖਿਆ ਗਿਆ। ਲੇਖ ਵਿੱਚ, ਥਰੂਰ ਨੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਸਫ਼ਾਰਤੀ ਪਹੁੰਚ ਕੌਮੀ ਸੰਕਲਪ ਅਤੇ ਪ੍ਰਭਾਵਸ਼ਾਲੀ ਸੰਚਾਰ ਦਾ ਇੱਕ ਪਲ ਸੀ।
ਪ੍ਰਧਾਨ ਮੰਤਰੀ ਦਫ਼ਤਰ ਨੇ ਥਰੂਰ ਦਾ ਇਹ ਲੇਖ X 'ਤੇ ਸਾਂਝਾ ਕੀਤਾ ਸੀ। -ਪੀ.ਟੀ.ਆਈ.