Kejriwal’s car attacked ਕੇਜਰੀਵਾਲ ਦੀ ਕਾਰ ਉੱਤੇ ਇੱਟਾਂ ਰੋੜਿਆਂ ਨਾਲ ਹਮਲਾ
ਨਵੀਂ ਦਿੱਲੀ, 18 ਜਨਵਰਖੀ
ਆਮ ਆਦਮੀ ਪਾਰਟੀ (ਆਪ) ਨੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਕਾਰ ਉੱਤੇ ਕਥਿਤ ਇੱਟਾਂ ਰੋੜਿਆਂ ਨਾਲ ਹਮਲਾ ਕੀਤੇ ਜਾਣ ਦਾ ਦਾਅਵਾ ਕੀਤਾ ਹੈ। ਪਾਰਟੀ ਨੇ ਦੋਸ਼ ਲਾਇਆ ਕਿ ਭਾਜਪਾ ਵੱਲੋਂ ਅਗਾਮੀ ਅਸੈਂਬਲੀ ਚੋਣਾਂ ਵਿਚ ਹਾਰ ਦੇ ਡਰ ਕਰਕੇ ਕੇਜਰੀਵਾਲ ਦੀ ਜਾਨ ਲੈਣ ਲਈ ਸਾਜ਼ਿਸ਼ ਘੜੀ ਜਾ ਰਹੀ ਹੈ। ਉਧਰ ਭਾਜਪਾ ਨੇ ਇਨ੍ਹਾਂ ਦੋਸ਼ਾਂ ਲਈ ਪਲਟਵਾਰ ਕਰਦਿਆਂ ਦਾਅਵਾ ਕੀਤਾ ਕਿ ਕੇਜਰੀਵਾਲ ਦੀ ਕਾਰ ਨੇ ਦੋ ਨੌਜਵਾਨਾਂ ਨੂੰ ਟੱਕਰ ਮਾਰੀ, ਜੋ ਆਪ ਸੁਪਰੀਮੋ ਨੂੰ ਦਿੱਲੀ ਦੇ ਵਿਕਾਸ ਬਾਰੇ ਸਵਾਲ ਪੁੱਛ ਰਹੇ ਸਨ।
‘ਆਪ’ ਨੇ ਕੇਜਰੀਵਾਲ ’ਤੇ ਇਸ ਕਥਿਤ ਹਮਲੇ ਸਬੰਧੀ ਐਕਸ ਉੱਤੇ ਇਕ ਵੀਡੀਓ ਵੀ ਸਾਂਝੀ ਕੀਤੀ ਹੈ। ਸਾਲ 2013 ਤੋਂ ਦਿੱਲੀ ਦੀ ਸੱਤਾ ਉੱਤੇ ਕਾਬਜ਼ ‘ਆਪ’ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਆਪਣੀ ਹਾਰ ਨੂੰ ਦੇਖਦਿਆਂ ਭਾਜਪਾ ਇੰਨੀ ਘਬਰਾ ਗਈ ਹੈ ਕਿ ਉਹ ਕੇਜਰੀਵਾਲ ਦੀ ਜਾਨ ਲੈਣ ਲਈ ਅਜਿਹੇ ਹਮਲਿਆਂ ਦਾ ਸਹਾਰਾ ਲੈਣ ਲੱਗੀ ਹੈ। ਕੀ ਭਾਜਪਾ ਕੇਜਰੀਵਾਲ ਦੀ ਹੱਤਿਆ ਕਰਕੇ ਦਿੱਲੀ ਦੇ ਲੋਕਾਂ ਲਈ ਕੀਤੇ ਕੰਮਾਂ ਦਾ ਬਦਲਾ ਲੈਣਾ ਚਾਹੁੰਦੀ ਹੈ?’’ ਮੁੱਢਲੀਆਂ ਰਿਪੋਰਟਾਂ ਮੁਤਾਬਕ ਕੇਜਰੀਵਾਲ ’ਤੇ ਕਥਿਤ ਹਮਲਾ ਉਨ੍ਹਾਂ ਦੇ ਆਪਣੇ ਨਵੀਂ ਦਿੱਲੀ ਹਲਕੇ ਵਿਚ ਹੋਇਆ।
ਉਧਰ ਨਵੀਂ ਦਿੱਲੀ ਅਸੈਂਬਲੀ ਹਲਕੇ ਤੋਂ ਭਾਜਪਾ ਉਮੀਦਵਾਰ ਪਰਵੇਸ਼ ਵਰਮਾ ਨੇ ਕਿਹਾ ਕਿ ਕੇਜਰੀਵਾਲ ਦੀ ਕਾਰ ਨੇ ਦੋ ਨੌਜਵਾਨਾਂ, ਜੋ ਉਨ੍ਹਾਂ ਨੂੰ ਦਿੱਲੀ ਦੇ ਵਿਕਾਸ ਬਾਰੇ ਸਵਾਲ ਪੁੱਛ ਰਹੇ ਸਨ, ਨੂੰ ਟੱਕਰ ਮਾਰੀ ਸੀ।
ਵਰਮਾ ਨੇ ਐਕਸ ’ਤੇ ਇਕ ਪੋਸਟ ਵਿਚ ਲਿਖਿਆ, ‘‘ਦੋਵਾਂ (ਨੌਜਵਾਨਾਂ) ਨੂੰ ਲੇਡੀ ਹਾਰਡਿੰਗ ਹਸਪਤਾਲ ਲਿਜਾਇਆ ਗਿਆ। ਸਾਹਮਣੇ ਹਾਰ ਦੇਖ ਕੇ ਉਹ ਲੋਕਾਂ ਦੀ ਜਾਨ ਦੀ ਕੀਮਤ ਭੁੱਲ ਗਏ ਹਨ। ਮੈਂ ਹਸਪਤਾਲ ਜਾ ਰਿਹਾ ਹਾਂ।’’ ਕਾਬਿਲੇਗੌਰ ਹੈ ਕਿ ਦਿੱਲੀ ਦੀ 70 ਮੈਂਬਰੀ ਅਸੈਂਬਲੀ ਲਈ ਵੋਟਾਂ 5 ਫਰਵਰੀ ਨੂੰ ਪੈਣੀਆਂ ਹਨ ਜਦੋਂਕਿ ਵੋਟਾਂ ਦੀ ਗਿਣਤੀ 8 ਫਰਵਰੀ ਨੂੰ ਹੋਵੇਗੀ। ‘ਆਪ’ ਲਗਾਤਾਰ ਤੀਜੀ ਵਾਰ ਸੱਤਾ ਵਿਚ ਵਾਪਸੀ ਦੀਆਂ ਕੋੋਸ਼ਿਸ਼ਾਂ ਵਿਚ ਹੈ। ‘ਆਪ’ ਨੂੰ ਤਿਕੋਣੇ ਮੁਕਾਬਲੇ ਵਿਚ ਭਾਜਪਾ ਤੇ ਕਾਂਗਰਸ ਤੋਂ ਚੁਣੌਤੀ ਦਰਪੇਸ਼ ਹੈ। -ਆਈਏਐੈੱਨਐੱਸ