ਕੇਜਰੀਵਾਲ ਦਾ ਦੋਸ਼: ‘ਅਮਿਤ ਸ਼ਾਹ ਦੇ ਹੁਕਮ ’ਤੇ ਵਿਰੋਧੀ ਪਾਰਟੀ ਦੇ ਲੋਕਾਂ ਨੇ ਮੇਰੀ ਗੱਡੀ ’ਤੇ ਹਮਲਾ ਕੀਤਾ’
ਨਵੀਂ ਦਿੱਲੀ, 23 ਜਨਵਰੀ
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (AAP) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਦੋਸ਼ ਲਗਾਇਆ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਹੁਕਮਾਂ ’ਤੇ ਪੁਲੀਸ ਨੇ ਵਿਰੋਧੀ ਉਮੀਦਵਾਰ ਦੇ ਬੰਦਿਆਂ ਨੂੰ ਉਨ੍ਹਾਂ ਦੀ ਗੱਡੀ ’ਤੇ ਹਮਲਾ ਕਰਨ ਦੀ ਇਜਾਜ਼ਤ ਦਿੱਤੀ। ਭਾਜਪਾ ਨੇ ਕੇਜਰੀਵਾਲ ਦੇ ਇਸ ਦਾਅਵੇ ਨੂੰ ਲੈ ਕੇ ਫੌਰੀ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਕੇਜਰੀਵਾਲ ਪੱਛਮੀ ਦਿੱਲੀ ਦੇ ਹਰੀ ਨਗਰ, ਰਾਜੌਰੀ ਗਾਰਡਨ ਅਤੇ ਮਾਦੀਪੁਰ ਹਲਕਿਆਂ ਵਿੱਚ AAP ਉਮੀਦਵਾਰਾਂ ਵਾਸਤੇ ਵੋਟਾਂ ਮੰਗਣ ਲਈ ਜਨਤਕ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ।
ਹਰੀ ਨਗਰ ਵਿੱਚ ਚੋਣ ਰੈਲੀ ਤੋਂ ਬਾਅਦ ਇਕ ਸੋਸ਼ਲ ਮੀਡੀਆ ਪੋਸਟ ਵਿੱਚ ਕੇਜਰੀਵਾਲ ਨੇ ਲਿਖਿਆ, “ਅੱਜ ਹਰੀ ਨਗਰ ਵਿੱਚ, ਪੁਲੀਸ ਨੇ ਵਿਰੋਧੀ ਉਮੀਦਵਾਰ ਦੇ ਲੋਕਾਂ ਨੂੰ ਮੇਰੀ ਚੋਣ ਰੈਲੀ ਵਿੱਚ ਦਾਖਲ ਹੋਣ ਦਿੱਤਾ ਅਤੇ ਫਿਰ ਮੇਰੀ ਗੱਡੀ ’ਤੇ ਹਮਲਾ ਕੀਤਾ। ਇਹ ਸਾਰਾ ਕੁਝ ਅਮਿਤ ਸ਼ਾਹ ਦੇ ਹੁਕਮ ’ਤੇ ਹੋ ਰਿਹਾ ਹੈ।” ਕੇਜਰੀਵਾਲ ਨੇ ਕਿਹਾ, “ਅਮਿਤ ਸ਼ਾਹ ਨੇ ਦਿੱਲੀ ਪੁਲੀਸ ਨੂੰ ਭਾਜਪਾ ਦੀ ਨਿੱਜੀ ਫੌਜ ਬਣਾ ਦਿੱਤਾ ਹੈ।” ਉਨ੍ਹਾਂ ਅੱਗੇ ਕਿਹਾ, “ਚੋਣ ਕਮਿਸ਼ਨ ’ਤੇ ਵੱਡੇ ਸਵਾਲ ਉਠਾਏ ਜਾ ਰਹੇ ਹਨ ਕਿ ਇਕ ਕੌਮੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਤੇ ਇਸ ਦੇ ਨੇਤਾਵਾਂ ’ਤੇ ਲਗਾਤਾਰ ਹਮਲੇ ਹੋ ਰਹੇ ਹਨ ਅਤੇ ਚੋਣ ਕਮਿਸ਼ਨ ਕੋਈ ਅਸਰਦਾਰ ਕਾਰਵਾਈ ਕਰਨ ਤੋਂ ਅਸਮਰੱਥ ਹੈ।’’ ਗੌਰਤਲਬ ਹੈ ਕਿ ਦਿੱਲੀ ਵਿਧਾਨ ਸਭਾ ਚੋਣ ਦੇ ਪ੍ਰਚਾਰ ਦੌਰਾਨ ਕੇਜਰੀਵਾਲ ਪਹਿਲਾਂ ਵੀ ਭਾਜਪਾ ’ਤੇ ਹਮਲਿਆਂ ਦੇ ਇਸੇ ਤਰ੍ਹਾਂ ਦੇ ਦੋਸ਼ ਲਗਾ ਚੁੱਕੇ ਹਨ। -ਪੀਟੀਆਈ