ਕੇਜਰੀਵਾਲ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਦੀ ਅਪੀਲ
ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸਾਰੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਯਮੁਨਾ ਦੇ ਵਧਦੇ ਪਾਣੀ ਦੇ ਪੱਧਰ ਕਾਰਨ ਦਿੱਲੀ ਵਿੱਚ ਆਏ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਦੀ ਸੇਵਾ ਵਿੱਚ ਸ਼ਾਮਲ ਹੋਣ। ਵੀਰਵਾਰ ਨੂੰ ਉਨ੍ਹਾਂ ਨੇ ਐਕਸ ’ਤੇ ਕਿਹਾ “ਦਿੱਲੀ ਵਿੱਚ ਯਮੁਨਾ ਦੇ ਵਧਦੇ ਪਾਣੀ ਦੇ ਪੱਧਰ ਕਾਰਨ ਕਈ ਨੀਵੇਂ ਇਲਾਕੇ ਪਾਣੀ ਵਿੱਚ ਡੁੱਬ ਗਏ ਹਨ। ਮੈਂ ‘ਆਪ’ ਦੇ ਸਾਰੇ ਵਰਕਰਾਂ ਨੂੰ ਪ੍ਰਸ਼ਾਸਨ ਦੇ ਨਾਲ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਸ਼ਾਮਲ ਹੋਣ ਅਤੇ ਹਰ ਲੋੜਵੰਦ ਨੂੰ ਮਦਦ ਪ੍ਰਦਾਨ ਕਰਨ ਦੀ ਅਪੀਲ ਕਰਦਾ ਹਾਂ।” ਅਰਵਿੰਦ ਕੇਜਰੀਵਾਲ ਦੇ ਸੱਦੇ ਤੋਂ ਬਾਅਦ, ‘ਆਪ’ ਵਰਕਰ ਜ਼ਮੀਨ ‘ਤੇ ਉਤਰ ਆਏ ਹਨ ਅਤੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਹੈ। ਬੁਰਾੜੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੰਜੀਵ ਝਾਅ ਨੇ ਜਹਾਂਗੀਰਪੁਰੀ ਦੀਆਂ ਝੁੱਗੀਆਂ ਵਿੱਚ ਯਮੁਨਾ ਦਾ ਪਾਣੀ ਭਰਨ ਕਾਰਨ ਐੱਮ ਸੀ ਡੀ ਸਕੂਲਾਂ ਵਿੱਚ ਬੇਘਰ ਹੋਏ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਪ੍ਰਭਾਵਿਤ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਹੜ੍ਹ ਪੀੜਤਾਂ ਨੇ ਸੰਜੀਵ ਝਾਅ ਨੂੰ ਦੱਸਿਆ ਕਿ ਟਾਇਲਟ, ਭੋਜਨ, ਪਾਣੀ, ਮੱਛਰ ਭਜਾਉਣ ਵਾਲੀ ਦਵਾਈ ਦੀ ਸਮੱਸਿਆ ਹੈ। ਸੰਜੀਵ ਝਾਅ ਨੇ ਮੌਕੇ ’ਤੇ ਮੌਜੂਦ ਅਧਿਕਾਰੀਆਂ ਨੂੰ ਸਮੱਸਿਆ ਦਾ ਤੁਰੰਤ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਦੂਜੇ ਪਾਸੇ, ‘ਆਪ’ ਦੇ ਦਿੱਲੀ ਰਾਜ ਕਨਵੀਨਰ ਸੌਰਭ ਭਾਰਦਵਾਜ ਨੇ ਕਿਹਾ ਕਿ ਭਾਵੇਂ ਦਿੱਲੀ ਹੋਵੇ ਜਾਂ ਪੰਜਾਬ, ਆਮ ਆਦਮੀ ਪਾਰਟੀ ਦੇ ਵਿਧਾਇਕ ਹੜ੍ਹ ਰਾਹਤ ਕਾਰਜਾਂ ਵਿੱਚ ਦਿਨ-ਰਾਤ ਸੇਵਾ ਕਰ ਰਹੇ ਹਨ। ਬੁਰਾੜੀ ਦੇ ਵਿਧਾਇਕ ਸੰਜੀਵ ਝਾਅ ਨੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਸੇਵਾ ਲਈ ਆਪਣੀ ਪੂਰੀ ਟੀਮ ਤਾਇਨਾਤ ਕੀਤੀ ਹੈ। ਇਸ ਦੇ ਨਾਲ ਹੀ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਵਿਧਾਇਕ ਸੰਜੀਵ ਝਾਅ ਨੇ ਕਿਹਾ ਕਿ ਰਾਹਤ ਕੈਂਪ ਵਿੱਚ ਜ਼ਿਆਦਾਤਰ ਲੋਕ ਜਹਾਂਗੀਰਪੁਰੀ ਦੀਆਂ ਝੁੱਗੀਆਂ-ਝੌਂਪੜੀਆਂ ਵਿੱਚ ਰਹਿਣ ਵਾਲੇ ਲੋਕ ਹਨ। ਜਹਾਂਗੀਰਪੁਰੀ ਦੀਆਂ ਝੁੱਗੀਆਂ ਹਾਲੇ ਵੀ ਗੋਡਿਆਂ ਤੋਂ ਉੱਪਰ ਪਾਣੀ ਨਾਲ ਭਰੀਆਂ ਹੋਈਆਂ ਹਨ। ਸੰਜੀਵ ਝਾਅ ਨੇ ਕਿਹਾ ਕਿ ਰਾਹਤ ਕੈਂਪ ਵਿੱਚ ਇਸ ਸਮੇਂ ਲਗਭਗ 70-80 ਪਰਿਵਾਰ ਹਨ, ਪਰ ਇਹ ਗਿਣਤੀ ਵਧ ਸਕਦੀ ਹੈ ਅਤੇ ਹੋਰ ਲੋਕ ਇੱਥੇ ਆ ਰਹੇ ਹਨ।