ਕੰਗਣਾ ਰਣੌਤ ਦਾ ਹੰਕਾਰ ਚੂਰ-ਚੂਰ ਹੋਇਆ, ਹੁਣ ਮਾਤਾ ਮਹਿੰਦਰ ਕੌਰ ਮੁਆਫ਼ੀ ਦੇ ਕੇ ਵੱਡਾ ਜਿਗਰਾ ਵਿਖਾਉਣ: ਕਾਲਕਾ,
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ 2021 ਵਿੱਚ ਕਿਸਾਨ ਅੰਦੋਲਨ ਵੇਲੇ ਮਾਤਾ ਮਹਿੰਦਰ ਕੌਰ ਖਿਲਾਫ਼ ਟਿੱਪਣੀ ਕਰਨ ਵਾਲੀ ਫ਼ਿਲਮੀ ਅਦਾਕਾਰਾ ਕੰਗਣਾ ਰਣੌਤ ਦਾ ਹੰਕਾਰ...
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ 2021 ਵਿੱਚ ਕਿਸਾਨ ਅੰਦੋਲਨ ਵੇਲੇ ਮਾਤਾ ਮਹਿੰਦਰ ਕੌਰ ਖਿਲਾਫ਼ ਟਿੱਪਣੀ ਕਰਨ ਵਾਲੀ ਫ਼ਿਲਮੀ ਅਦਾਕਾਰਾ ਕੰਗਣਾ ਰਣੌਤ ਦਾ ਹੰਕਾਰ ਚੂਰ-ਚੂਰ ਹੋ ਗਿਆ ਹੈ ਅਤੇ ਹੁਣ ਮਾਤਾ ਮਹਿੰਦਰ ਕੌਰ ਨੂੰ ਵੀ ਮੁਆਫ਼ੀ ਦੇ ਕੇ ਵੱਡਾ ਜਿਗਰਾ ਵਿਖਾਉਣਾ ਚਾਹੀਦਾ ਹੈ।
ਅੱਜ ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਜਦੋਂ ਕਿਸਾਨ ਅੰਦੋਲਨ ਸਿਖ਼ਰਾਂ ’ਤੇ ਸੀ ਉਸ ਵੇਲੇ ਹੰਕਾਰ ਨਾਲ ਭਰੀ ਕੰਗਣਾ ਰਣੌਤ ਨੇ ਮਾਤਾ ਮਹਿੰਦਰ ਕੌਰ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ ਸੀ ਕਿ ਇਹੋ ਜਿਹੀਆਂ ਔਰਤਾਂ 100-100 ਰੁਪਏ ਲੈ ਕੇ ਧਰਨੇ ਵਿਚ ਸ਼ਾਮਲ ਹੁੰਦੀਆਂ ਹਨ।
ਉਨ੍ਹਾਂ ਕਿਹਾ ਕਿ ਜਦੋਂ ਮਾਤਾ ਮਹਿੰਦਰ ਕੌਰ ਨੇ ਅਦਾਲਤ ਵਿੱਚ ਮਾਣਹਾਨੀ ਦਾ ਕੇਸ ਦਾਇਰ ਕੀਤਾ ਤਾਂ ਕੰਗਣਾ ਰਣੌਤ ਨੂੰ ਹੇਠਲੀ ਅਦਾਲਤ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਕੋਈ ਰਾਹਤ ਨਹੀਂ ਮਿਲੀ ਤੇ ਅਖੀਰ ਉਸਨੂੰ ਬਠਿੰਡਾ ਅਦਾਲਤ ਵਿਚ ਪੇਸ਼ ਹੋ ਕੇ ਮੁਆਫੀ ਮੰਗਣੀ ਪਈ ਹੈ। ਉਨ੍ਹਾਂ ਕਿਹਾ ਕਿ ਹੁਣ ਕੇਸ ਦੀ ਅਗਲੀ ਸੁਣਵਾਈ 24 ਨਵੰਬਰ ਨੂੰ ਹੈ।
ਉਨ੍ਹਾਂ ਕਿਹਾ ਕਿ ਕੰਗਣਾ ਰਣੌਤ ਦਾ ਹੰਕਾਰ ਚੂਰ-ਚੂਰ ਹੋ ਗਿਆ ਹੈ। ਉਹਨਾਂ ਕਿਹਾ ਕਿ ਸਿੱਖ ਧਰਮ ਵਿਚ ਰਵਾਇਤ ਹੈ ਕਿ ਜਦੋਂ ਗਲਤੀ ਕਰਨ ਵਾਲਾ ਮੁਆਫੀ ਮੰਗ ਲਵੇ ਤਾਂ ਉਸਨੂੰ ਮੁਆਫ਼ ਕਰ ਦੇਈਦਾ ਹੈ। ਉਨ੍ਹਾਂ ਕਿਹਾ ਕਿ ਉਹ ਮਾਤਾ ਮਹਿੰਦਰ ਕੌਰ ਨੂੰ ਵੀ ਅਪੀਲ ਕਰਦੇ ਹਨ ਕਿ ਕੰਗਣਾ ਵੱਲੋਂ ਮੰਗੀ ਮੁਆਫੀ ਦੇ ਮੱਦੇਨਜ਼ਰ ਉਨ੍ਹਾਂ ਨੂੰ ਮੁਆਫ ਕਰ ਦਿੱਤਾ ਜਾਵੇ। ਇਸ ਮਾਮਲੇ ਵਿਚ ਸਮੁੱਚੀ ਸੰਗਤ ਦੀ ਬਹੁਤ ਵੱਡੀ ਜਿੱਤ ਹੋਈ ਹੈ।

