ਕਾਲਕਾ ਵੱਲੋਂ ਅਕਾਲ ਤਖ਼ਤ ਤੇ ਸ਼੍ਰੋਮਣੀ ਕਮੇਟੀ ਨੂੰ ਅਪੀਲ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਇਸ ਸਾਲ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 27 ਦਸੰਬਰ ਨੂੰ ਆ ਰਿਹਾ ਹੈ। ਇਸੇ ਦਿਨ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਹਿ ਸਿੰਘ ਦਾ ਸ਼ਹੀਦੀ ਦਿਹਾੜਾ ਵੀ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਪੁਰਬ ਅਤੇ ਸ਼ਹੀਦੀ ਦਿਹਾੜਾ ਇਕੋ ਦਿਨ ਆਉਣ ਕਾਰਨ ਸੰਗਤ ਭੰਬਲਭੂਸੇ ਵਿੱਚ ਹੈ। ਉਨ੍ਹਾਂ ਕਿਹਾ ਕਿ ਦੋਵੇਂ ਮਹਾਨ ਦਿਹਾੜੇ ਇੱਕੋ ਦਿਨ ਆਉਣ ਨਾਲ ਕੌਮ ਲਈ ਫ਼ੈਸਲਾ ਕਰਨਾ ਬਹੁਤ ਮੁਸ਼ਕਲ ਬਣ ਗਿਆ ਹੈ। ਹਰਮੀਤ ਸਿੰਘ ਕਾਲਕਾ ਨੇ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਅਪੀਲ ਕੀਤੀ ਕਿ ਇਸ ਸੰਵੇਦਨਸ਼ੀਲ ਮਾਮਲੇ ’ਤੇ ਤੁਰੰਤ ਵਿਚਾਰ ਵਟਾਂਦਰਾ ਕਰਕੇ ਸੰਗਤਾਂ ਦੀ ਸਹੂਲਤ ਲਈ ਜਲਦ ਤੋਂ ਜਲਦ ਤਰੀਕਾਂ ਬਾਰੇ ਫ਼ੈਸਲਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਸਿੰਘ ਸਭਾਵਾਂ ਦੇ ਪ੍ਰਧਾਨਾਂ ਅਤੇ ਅਨੇਕਾਂ ਗੁਰਦੁਆਰਾ ਸਾਹਿਬਾਨ ਤੋਂ ਫ਼ੋਨ ਆ ਰਹੇ ਹਨ ਕਿ ਰਾਗੀ ਜਥਿਆਂ ਦੀ ਬੁਕਿੰਗ, ਪ੍ਰਭਾਤ ਫੇਰੀਆਂ ਅਤੇ ਸਮਾਗਮਾਂ ਦੀਆਂ ਤਾਰੀਖਾਂ ਨੂੰ ਲੈ ਕੇ ਬਹੁਤ ਵੱਡੀ ਉਲਝਣ ਪੈਦਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੁਆਰਾ ਐਲਾਨੇ ਗਏ ਕੈਲੰਡਰ ਅਨੁਸਾਰ ਹੀ ਦਿਹਾੜੇ ਮਨਾਉਂਦੀ ਆਈ ਹੈ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਸੰਗਤਾਂ ਦੀ ਸਹੂਲਤ ਲਈ ਜਲਦ ਤੋਂ ਜਲਦ ਤਰੀਕਾਂ ਬਾਰੇ ਫ਼ੈਸਲਾ ਕੀਤਾ ਜਾਵੇ ਤਾਂ ਜੋ ਸਮਾਗਮਾਂ ਦੀਆਂ ਤਿਆਰੀਆਂ ਕੀਤੀ ਜਾ ਸਕਣ।
