Kala Jathedi IVF procedure: ਜੇਲ੍ਹ ਬੰਦ ਗੈਂਗਸਟਰ ਕਾਲਾ ਜਠੇੜੀ ਦੀ ਆਈਵੀਐੱਫ ਪ੍ਰਕਿਰਿਆ ਹੋਈ ਸੰਪੰਨ
ਨਵੀਂ ਦਿੱਲੀ, 17 ਜੂਨ
ਗੈਂਗਸਟਰ ਸੰਦੀਪ ਉਰਫ਼ ਕਾਲਾ ਜਠੇੜੀ, ਜੋ ਇਸ ਸਮੇਂ ਤਿਹਾੜ ਜੇਲ੍ਹ ’ਚ ਬੰਦ ਹੈ, ਨੇ ਔਲਾਦ ਪੈਦਾ ਕਰਨ ਵਾਲੀ ਇਨ-ਵਿਟਰੋ ਫਰਟੀਲਾਈਜੇਸ਼ਨ (in-vitro fertilisation - IVF) ਪ੍ਰਕਿਰਿਆ ਪੂਰੀ ਕਰ ਲਈ ਹੈ। ਇਹ ਪ੍ਰਕਿਰਿਆ ਉਸ ਨੇ ਦਿੱਲੀ ਅਦਾਲਤ ਤੋਂ ਇਜਾਜ਼ਤ ਲੈ ਕੇ ਪੂਰੀ ਕੀਤੀ ਹੈ।
ਇਸ ਤੋਂ ਪਹਿਲਾਂ ਦਿੱਲੀ ਅਦਾਲਤ ਨੇ ਆਈਵੀਐੱਫ ਡਾਕਟਰੀ ਪ੍ਰਕਿਰਿਆ ਸਬੰਧੀ ਜਠੇੜੀ ਦੀ ਅੰਤਰਿਮ ‘ਹਿਰਾਸਤੀ ਪੈਰੋਲ’ ਦੀ ਅਰਜ਼ੀ ਮਨਜ਼ੂਰ ਕਰ ਲਈ ਸੀ। ਐਡੀਸ਼ਨਲ ਸੈਸ਼ਨ ਜੱਜ ਦੀਪਕ ਵਾਲਸਨ ਨੇ ਜਠੇੜੀ ਦੀ ਜ਼ਰੂਰੀ ਮੈਡੀਕਲ ਪ੍ਰਕਿਰਿਆ ਲਈ 6 ਘੰਟਿਆਂ ਦੀ ਅੰਤਰਿਮ ਹਿਰਾਸਤੀ ਪੈਰੋਲ ਦੀ ਇਜ਼ਾਜਤ ਵਾਲੀ ਅਰਜ਼ੀ ’ਤੇ ਸੁਣਵਾਈ ਕੀਤੀ ਸੀ।
ਜਾਣਕਾਰੀ ਅਨੁਸਾਰ ਅਦਾਲਤ ਦੇ ਹੁਕਮਾਂ ਅਨੁਸਾਰ ਇਹ ਪ੍ਰਕਿਰਿਆ 14 ਜੂਨ ਨੂੰ ਸਵੇਰੇ 6 ਤੋਂ 7 ਵਜੇ ਦੇ ਵਿਚਕਾਰ ਪੂਰੀ ਕੀਤੀ ਜਾਣੀ ਸੀ। ਸਬੰਧਤ ਹਸਪਤਾਲ ਦੇ ਡਾਕਟਰ ਤਿਹਾੜ ਜੇਲ੍ਹ ਗਏ ਅਤੇ ਇਸ ਪ੍ਰਕਿਰਿਆ ਸਬੰਧੀ ਉਨ੍ਹਾਂ ਸੈਂਪਲ ਇਕੱਠੇ ਕੀਤੇ। ਇਸ ਪ੍ਰਕਿਰਿਆ ਦੌਰਾਨ ਪੂਰੀ ਤਰਾਂ ਅਦਾਲਤੀ ਹੁਕਮਾਂ ਅਨੁਸਾਰ ਨਿੱਜਤਾ ਦੀ ਪੂਰੀ ਤਰਾਂ ਪਾਲਣਾ ਕੀਤੀ ਗਈ।
ਜ਼ਿਕਰਯੋਗ ਹੈ ਕਿ ਜਠੇੜੀ ਨੇ ਪਿਛਲੇ ਸਾਲ ਮਾਰਚ ਵਿੱਚ ਅਨੁਰਾਧਾ ਚੌਧਰੀ ਨਾਲ ਵਿਆਹ ਕੀਤਾ ਸੀ ਜਦ ਉਹ ਤਿਹਾੜ੍ਹ ਜੇਲ੍ਹ ਵਿੱਚ ਬੰਦ ਸੀ। ਅਦਾਲਤ ਨੇ 9 ਜੂਨ ਨੂੰ ਇੱਕ ਹੁਕਮ ਵਿੱਚ ਕਿਹਾ ਕਿ ਜਠੇੜੀ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਸੀ ਕਿ ਉਹ ਅਤੇ ਉਸ ਦੀ ਪਤਨੀ ਬੱਚਾ ਪੈਦਾ ਕਰ ਕੇ ਆਪਣੇ ਵੰਸ਼ ਨੂੰ ਅੱਗੇ ਵਧਾਉਣਾ ਚਾਹੁੰਦੇ ਹਨ।
ਅਦਾਲਤ ਨੇ ਕਿਹਾ ਸੀ ਕਿ ਜਠੇੜੀ ਦੀ ਨਿਗਰਾਨੀ ਹੇਠ ਸੈਂਪਲ ਇਕੱਠਾ ਕਰਨ ਤੋਂ ਬਾਅਦ ਹਸਪਤਾਲ ਦੇ ਅਧਿਕਾਰੀ ਨੂੰ ਸੌਂਪਿਆ ਜਾਣਾ ਚਾਹੀਦਾ ਹੈ ਜੋ ਇੱਕ ਘੰਟੇ ਦੇ ਅੰਦਰ ਹਸਪਤਾਲ ਪਹੁੰਚਣਾ ਚਾਹੀਦਾ ਹੈ। ਜੇਲ੍ਹ ਸੁਪਰਡੈਂਟ ਅਤੇ ਜਾਂਚ ਅਧਿਕਾਰੀ ਨੂੰ ਡਾਕਟਰੀ ਪ੍ਰਕਿਰਿਆ ਵਿੱਚ ਸਹਿਯੋਗ ਦੇਣ ਦੇ ਨਿਰਦੇਸ਼ ਦਿੱਤੇ ਗਏ ਸਨ। -ਪੀਟੀਆਈ