Kailash Gahlot resigns ਕੈਲਾਸ਼ ਗਹਿਲੋਤ ਨੇ ਦਿੱਲੀ ਦੇ ਟਰਾਂਸਪੋਰਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ
ਕੇਜਰੀਵਾਲ ਨੂੰ ਪੱਤਰ ਲਿਖ ਕੇ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਵੀ ਛੱਡੀ
Advertisement
ਨਵੀਂ ਦਿੱਲੀ, 17 ਨਵੰਬਰ
ਦਿੱਲੀ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਦਿੰਦੇ ਹੋਏ ਸੀਨੀਅਰ ਆਗੂ ਅਤੇ ਕੌਮੀ ਰਾਜਧਾਨੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ ਅੱਜ ਪਾਰਟੀ ਦਾ ਸਾਥ ਛੱਡ ਦਿੱਤਾ।
‘ਆਪ’ ਦੇ ਪ੍ਰਮੁੱਖ ਆਗੂ ਰਹੇ ਗਹਿਲੋਤ ਨੇ ਆਪਣੇ ਅਸਤੀਫੇ ਵਿੱਚ ਹਾਲ ’ਚ ਹੋਏ ਵਿਵਾਦਾਂ ਅਤੇ ਅਧੂਰੇ ਵਾਅਦਿਆਂ ਦਾ ਹਵਾਲਾ ਦਿੱਤਾ। ਮੁੱਖ ਮੰਤਰੀ ਆਤਿਸ਼ੀ ਨੂੰ ਲਿਖੇ ਪੱਤਰ ਵਿੱਚ ਨਜ਼ਫਗੜ੍ਹ ਤੋਂ ਵਿਧਾਇਕ ਗਹਿਲੋਤ ਨੇ ਤੁਰੰਤ ਪ੍ਰਭਾਵ ਤੋਂ ਮੰਤਰੀ ਮੰਡਲ ਤੋਂ ਆਪਣਾ ਅਸਤੀਫਾ ਦੇ ਦਿੱਤਾ।
‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਵੱਖ ਤੋਂ ਲਿਖੇ ਇਕ ਪੱਤਰ ਵਿੱਚ ਗਹਿਲੋਤ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਵੀ ਆਪਣਾ ਅਸਤੀਫਾ ਦੇ ਦਿੱਤਾ। ਉਨ੍ਹਾਂ ਪੱਤਰ ਨੂੰ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਵੀ ਸਾਂਝਾ ਕੀਤਾ। ਗਹਿਲੋਤ ਨੇ ਕੇਜਰੀਵਾਲ ਦੀ ਪਿਛਲੀ ਰਿਹਾਇਸ਼ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਕਿ ਪਾਰਟੀ ਨੂੰ ‘ਸ਼ੀਸ਼ਮਹਿਲ’ ਵਰਗੇ ਸ਼ਰਮਨਾਕ ਵਿਵਾਦਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ਲੋਕਾਂ ਦੇ ਅਧਿਕਾਰਾਂ ਲਈ ਲੜਨ ਦੀ ਥਾਂ, ‘‘ਤੁਸੀਂ ਆਪਣੇ ਖ਼ੁਦ ਦੇ ਏਜੰਡੇ ਲਈ ਲੜਨ ਵਿੱਚ ਵਿਅਸਤ ਹੋ, ਜਿਸ ਨਾਲ ਦਿੱਲੀ ਵਾਲਿਆਂ ਨੂੰ ਬੁਨਿਆਦੀ ਸੇਵਾਵਾਂ ਦੀ ਸਪਲਾਈ ਰੁਕ ਗਈ ਹੈ। ਗਹਿਲੋਤ ਵੱਲੋਂ ਉਠਾਏ ਗਏ ਮੁੱਦਿਆਂ ਅਤੇ ਇਸ ਘਟਨਾਕ੍ਰਮ ’ਤੇ ‘ਆਪ’ ਵੱਲੋਂ ਫਿਲਹਾਲ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। -ਪੀਟੀਆਈ
Advertisement