'ਜੋੜੇ ਸਾਹਿਬ' ਨੂੰ ਤਖ਼ਤ ਪਟਨਾ ਸਾਹਿਬ ਗੁਰਦੁਆਰੇ ਵਿੱਚ ਰੱਖਿਆ ਜਾਣਾ ਚਾਹੀਦਾ ਹੈ: ਤਰਲੋਚਨ ਸਿੰਘ
ਸਾਬਕਾ ਰਾਜ ਸਭਾ ਮੈਂਬਰ ਅਤੇ ਕੌਮੀਂ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਨੇ ਕਿਹਾ ਕਿ ਕੇਂਦਰੀ ਮੰਤਰੀ ਹਰਦੀਪ ਪੁਰੀ ਦੇ ਪਰਿਵਾਰ ਦੁਆਰਾ ਸੁਰੱਖਿਅਤ ਰੱਖੇ ਗਏ ਗੁਰੂ ਗੋਬਿੰਦ ਸਿੰਘ ਅਤੇ ਮਾਤਾ ਸਾਹਿਬ ਕੌਰ ਦੇ ‘ਜੋੜੇ ਸਾਹਿਬ’ ਤਖ਼ਤ ਪਟਨਾ ਸਾਹਿਬ ਗੁਰਦੁਆਰੇ ਵਿੱਚ ਰੱਖੇ ਜਾਣੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਦੇ ਜਨਮ ਸਥਾਨ ਤਖ਼ਤ ਪਟਨਾ ਸਾਹਿਬ ਵਿਖੇ ਰੱਖਿਆ ਜਾਵੇ। ਗੁਰੂ ਜੀ ਦੀਆਂ ਨਿੱਜੀ ਚੀਜ਼ਾਂ ਇਸ ਗੁਰਦੁਆਰੇ ਵਿੱਚ ਸੁਰੱਖਿਅਤ ਹਨ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਪਣੀ ਰਿਹਾਇਸ਼ ’ਤੇ ਹੋਈ ਮੀਟਿੰਗ ਦੌਰਾਨ ਸ਼ਬਦ ਕੀਰਤਨ ਸੁਣਿਆ।
ਜੋੜੇ ਸਾਹਿਬ’ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਖ਼ਾਲਸੇ ਦੇ ਮਾਤਾ ਸਾਹਿਬ ਕੌਰ ਜੀ ਦੇ ਨਿੱਜੀ ਜੋੜੇ ਹਨ।
ਸਿੰਘ ਨੇ ਕਿਹਾ, “ ਪ੍ਰਧਾਨ ਮੰਤਰੀ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਇਹ ਪਵਿੱਤਰ ਨਿਸ਼ਾਨੀਆਂ ਕੇਂਦਰੀ ਮੰਤਰੀ ਸ. ਹਰਦੀਪ ਸਿੰਘ ਪੁਰੀ ਦੇ ਪਰਖਿਆਂ ਵਲੋਂ ਸਾਂਭ ਕੇ ਰੱਖੀਆਂ ਗਈਆਂ ਅਤੇ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਰਹੀ। ਪਾਕਿਸਤਾਨ ਛੱਡਣ ਤੋਂ ਬਾਅਦ ਪਰਿਵਾਰ ਨੇ ਇਹ ਨਿਸ਼ਾਨੀਆਂ ਦਿੱਲੀ ਦੇ ਕਰੋਲ ਬਾਗ ਵਿਚ ਆਪਣੇ ਘਰ ਵਿੱਚ ਰੱਖੀਆਂ। ਸ. ਜਸਮੀਤ ਸਿੰਘ ਪੁਰੀ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੀ ਪਤਨੀ ਨੇ ਪਰਿਵਾਰ ਦੇ ਸਭ ਤੋਂ ਵੱਡੇ ਮੈਂਬਰ ਸ. ਹਰਦੀਪ ਸਿੰਘ ਪੁਰੀ ਨੂੰ ਸੰਗਤ ਲਈ ਵਿਸ਼ਾਲ ਦਰਸ਼ਨ ਲਈ ਢੁਕਵੀਂ ਜਗ੍ਹਾ ਦਾ ਪ੍ਰਬੰਧ ਕਰਨ ਲਈ ਕਿਹਾ।”
ਉਸ ਕਿਹਾ, “ ਮੈਨੂੰ ਇਹ ਵੀ ਪਤਾ ਹੈ ਕਿ ਪੰਜਾਬ ਵਿੱਚ ਕਈ ਪਰਿਵਾਰਾਂ ਨੇ ਸਿੱਖ ਗੁਰੂ ਸਾਹਿਬਾਨ ਦੀਆਂ ਪਵਿੱਤਰ ਨਿਸ਼ਾਨੀਆਂ ਆਪਣੇ ਕੋਲ ਸੰਭਾਲ ਕੇ ਰੱਖੀਆਂ ਹੋਈਆਂ ਹਨ। ਮੈਂ ਹਰਦੀਪ ਸਿੰਘ ਪੁਰੀ ਅਤੇ ਉਨ੍ਹਾਂ ਦੀ ਪਤਨੀ ਨੂੰ ਇਹੀ ਸੁਝਾਅ ਦੇਣਾ ਚਾਹੁੰਦਾ ਹਾਂ ਕਿ ਇਹ ‘ਜੋੜੇ ਸਾਹਿਬ’ ਪਟਨਾ ਸਾਹਿਬ ਗੁਰਦੁਆਰੇ ਵਿਖੇ ਰੱਖੇ ਜਾਣ।”