ਆਈ ਟੀ ਆਈ ’ਚ ਰੁਜ਼ਗਾਰ ਮੇਲਾ
ਸਰਕਾਰੀ ਉਦਯੋਗਿਕ ਸਿਲਾਈ ਸੰਸਥਾ (ਆਈ ਟੀ ਆਈ) ਵਿੱਚ ਮੈਗਾ ਰੁਜ਼ਗਾਰ ਮੇਲਾ ਲਾਇਆ ਗਿਆ ਜਿਸ ਦਾ ਉਦਘਾਟਨ ਹਰਿਆਣਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਡਾ ਕ੍ਰਿਸ਼ਨ ਮਿੱਢਾ ਨੇ ਕੀਤਾ। ਮੇਲੇ ਵਿੱਚ ਜੀਂਦ ਤੇ ਆਸ-ਪਾਸ ਦੇ ਇਲਾਕਿਆਂ ਕੁੱਲ 833 ਉਮੀਦਵਾਰ ਸ਼ਾਮਿਲ ਹੋਏ ਜਿਨ੍ਹਾਂ ਵਿਚੋਂ 631 ਨੌਜਵਾਨਾਂ ਨੂੰ ਰੁਜ਼ਗਾਰ ਲਈ ਚੁਣਿਆ ਗਿਆ।
ਡਾ. ਮਿੱਢਾ ਨੇ ਕਿਹਾ ਕਿ ਅੱਜ ਦਾ ਯੁੱਗ ਹੁਨਰ ਦਾ ਹੈ ਅਤੇ ਜਿਹੜੇ ਨੌਜਵਾਨ ਤਕਨੀਕੀ ਸਿੱਖਿਆ ਤੇ ਹੋਰ ਟ੍ਰੇਨਿੰਗ ਆਦਿ ਹਾਸਲ ਕਰ ਲੈਂਦੇ ਹਨ, ਉਹ ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਦੇ ਬੇਹਤਰ ਮੌਕੇ ਹਾਸਿਲ ਕਰ ਲੈਂਦੇ ਹਨ। ਉਨ੍ਹਾਂ ਆਖਿਆ ਕਿ ਸਰਕਾਰ ਯੁਵਾਵਾਂ ਨੂੰ ਉਦਯੋਗਾਂ ਦੀ ਲੋੜ ਅਨੁਸਾਰ ਨਿਪੁੰਨ ਬਨਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ ਤਾਂ ਕਿ ਉਹ ਆਤਮਨਿਰਭਰ ਬਣ ਸਕਣ ਅਤੇ ਸੂਬੇ ਦੀ ਆਰਥਿਕ ਪ੍ਰਗਤੀ ਵਿੱਚ ਯੋਗਦਾਨ ਪਾ ਸਕਣ।ਕੌਸ਼ਲ ਵਿਕਾਸ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਡਿਪਟੀ ਡਾਇਰੈਕਟਰ ਸੰਜੀਵ ਸ਼ਰਮਾ ਨੇ ਕਿਹਾ ਕਿ ਆਈ ਟੀ ਆਈ ਸੰਸਥਾਨ ਸਭ ਤੋਂ ਘੱਟ ਸਮੇਂ ਵਿੱਚ ਯੁਵਾਵਾਂ ਨੂੰ ਰੁਜ਼ਗਾਰ ਦੇ ਯੋਗ ਬਣਾਉਂਦੇ ਹਨ। ਇੱਥੋਂ ਵੱਖ-ਵੱਖ ਟਰੇਡਾਂ ਵਿੱਚ ਸਿਖਲਾਈ ਪ੍ਰਾਪਤ ਕਰਕੇ ਵਿਦਿਆਰਥੀ ਅਤੇ ਵਿਦਿਆਰਥਣਾਂ ਨਾ ਕੇਵਲ ਕੰਪਨੀਆਂ ਵਿੱਚ ਨੌਕਰੀ ਪ੍ਰਾਪਤ ਕਰ ਸਕਦੇ ਹਨ, ਸਗੋਂ ਖ਼ੁਦ ਨੂੰ ਸਵੈ-ਰੁਜ਼ਗਾਰ ਦੇ ਕਾਬਲ ਵੀ ਬਣਾ ਸਕਦੇ ਹਨ।
ਪ੍ਰਿੰਸੀਪਲ ਨਰੇਸ਼ ਪੰਚਾਲ ਨੇ ਦੱਸਿਆ ਕਿ ਮੇਲੇ ਵਿੱਚ ਵੱਖ-ਵੱਖ ਖੇਤਰਾਂ ਤੋਂ 35 ਕੰਪਨੀਆਂ ਪਹੁੰਚੀਆਂ। ਪੂਰਾ ਦਿਨ ਚੱਲੀ ਇੰਟਰਵਿਊ ਵਿੱਚ 833 ਨੌਜਵਾਨਾਂ ਨੇ ਇੰਟਰਵਿਊ ਦਿੱਤੀ ਜਿਸ ਵਿੱਚੋਂ 631 ਯੁਵਾ ਰੁਜ਼ਗਾਰ ਲਈ ਚੁਣੇ ਗਏ। ਉਨ੍ਹਾਂ ਨੇ ਸਿਲੈਕਟ ਕੀਤੇ ਗਏ ਬੱਚਿਆਂ ਨੂੰ ਰੌਸ਼ਨ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
