ਜੇਐੱਨਯੂਐੱਸਯੂ ਚੋਣਾਂ: ਅਦਿੱਤੀ ਮਿਸ਼ਰਾ ਪ੍ਰਧਾਨ ਬਣੀ; ਚਾਰੋ ਅਹੁਦਿਆਂ ’ਤੇ ਖੱਬੇ ਪੱਖੀ ਕਾਬਜ਼
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ (ਜੇਐੱਨਯੂਐੱਸਯੂ) ਦੀ ਪ੍ਰਧਾਨਗੀ ਦੀ ਚੋਣ ਖੱਬੇ ਪੱਖੀ ਅਦਿਤੀ ਮਿਸ਼ਰਾ ਨੇ ਜਿੱਤ ਲਈ ਹੈ। ਉਸ ਨੂੰ 1,937 ਵੋਟਾਂ ਮਿਲੀਆਂ ਹਨ। ਉਸ ਨੇ ਏਬੀਵੀਪੀ ਦੇ ਵਿਕਾਸ ਪਟੇਲ ਨੂੰ ਹਰਾਇਆ, ਜਿਸ ਨੂੰ 1,447 ਵੋਟਾਂ ਮਿਲੀਆਂ।
ਖੱਬੇ ਮੋਰਚੇ ਨੇ ਚਾਰ ਕੇਂਦਰੀ ਪੈਨਲ ਦੇ ਅਹੁਦਿਆਂ ਉਪਰ ਕਬਜ਼ਾ ਕੀਤਾ। ਉਨ੍ਹਾਂ ਆਰਐਸਐਸ ਪੱਖੀ ਏਬੀਵੀਪੀ ਉਮੀਦਵਾਰਾਂ ਨੂੰ ਹਰਾਇਆ। ਉਪ ਪ੍ਰਧਾਨ ਦੀ ਚੋਣ ਲਈ ਕੇ. ਗੋਪਿਕਾ ਨੇ ਖੱਬੇ ਪੱਖੀਆਂ ਲਈ ਫੈਸਲਾਕੁੰਨ ਜਿੱਤ ਦਰਜ ਕੀਤੀ। ਉਸ ਨੇ 3101 ਵੋਟਾਂ ਪ੍ਰਾਪਤ ਕੀਤੀਆਂ ਤੇ ਏਬੀਵੀਪੀ ਦੀ ਤਾਨਿਆ ਕੁਮਾਰੀ ਨੂੰ ਹਰਾਇਆ।
ਜਨਰਲ ਸਕੱਤਰ ਦੇ ਕਰੀਬੀ ਮੁਕਾਬਲੇ ਵਿੱਚ ਖੱਬੇ ਪੱਖੀ ਦੇ ਸੁਨੀਲ ਯਾਦਵ ਨੇ 1,915 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ, ਏਬੀਵੀਪੀ ਦੇ ਰਾਜੇਸ਼ਵਰ ਕਾਂਤ ਦੂਬੇ ਨੂੰ 1,841 ਵੋਟਾਂ ਮਿਲੀਆਂ। ਸੰਯੁਕਤ ਸਕੱਤਰ ਦੀ ਚੋਣ ਦਾਨੀਸ਼ ਅਲੀ ਨੇ 2083 ਵੋਟਾਂ ਹਾਸਲ ਕਰ ਕੇ ਜਿੱਤੀ। ਉਸ ਨੇ ਏਬੀਵੀਪੀ ਦੇ ਅਨੁਜ ਦਮਾਰਾ ਨੂੰ ਹਰਾਇਆ।
ਇਸ ਤੋਂ ਪਹਿਲਾਂ ਗਿਣਤੀ ਸਮੇਂ ਖੱਬੇ ਪੱਖੀ ਅਤੇ ਸੱਜੇ ਪੱਖੀ ਧਿਰ ਦੇ ਸਮਰਥਕਾਂ ਵਿਚਾਲੇ ਝੜਪ ਹੋਈ ਪਰ ਉੱਥੇ ਯੂਨੀਵਰਸਿਟੀ ਵੱਲੋਂ ਤਾਇਨਾਤ ਗਾਰਡਾਂ ਨੇ ਸ਼ਾਂਤੀ ਬਹਾਲ ਕਰਵਾਈ।
