ਜੇ ਐੱਨ ਯੂ: ਹਿਰਾਸਤ ਵਿੱਚ ਲਏ 28 ਵਿਦਿਆਰਥੀ ਰਿਹਾਅ
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐੱਨ.ਯੂ.) ਵਿੱਚ ਬੀਤੀ ਰਾਤ ਏ ਬੀ ਵੀ ਪੀ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਅਤੇ ਦਿੱਲੀ ਪੁਲੀਸ ਵਿਚਾਲੇ ਹੋਏ ਟਕਰਾਅ ਤੋਂ ਬਾਅਦ ਸਥਿਤੀ ਤਣਾਅਪੂਰਨ ਬਣ ਗਈ। ਇਸ ਦੌਰਾਨ ਪੁਲੀਸ ਨੇ 28 ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲਿਆ, ਜਿਨ੍ਹਾਂ ਨੂੰ ਅੱਜ ਸਵੇਰੇ ਰਿਹਾਅ ਕਰ ਦਿੱਤਾ ਗਿਆ। ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਪੁਲੀਸ ’ਤੇ ਲਾਠੀਚਾਰਜ ਕਰਨ ਅਤੇ ਧੱਕਾ-ਮੁੱਕੀ ਕਰਨ ਦੇ ਗੰਭੀਰ ਦੋਸ਼ ਲਾਏ ਹਨ।
ਜੇ ਐੱਨ ਯੂ ਅਧਿਆਪਕ ਐਸੋਸੀਏਸ਼ਨ (ਜੇ ਐੱਨ ਯੂ ਟੀ ਏ) ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਇੱਕ ਸਾਂਝੇ ਬਿਆਨ ਵਿੱਚ ਜੇ ਐੱਨ ਯੂ ਟੀ ਏ ਦੇ ਪ੍ਰਧਾਨ ਸੁਰਜੀਤ ਮਜ਼ੂਮਦਾਰ ਅਤੇ ਸਕੱਤਰ ਮੀਨਾਕਸ਼ੀ ਸੁੰਦਰਿਆਲ ਨੇ ਕਿਹਾ ਕਿ ਵੀਡੀਓ ਸਬੂਤ ਪੁਲੀਸ ਦੀ ਬੇਰਹਿਮੀ ਨੂੰ ਦਰਸਾਉਂਦੇ ਹਨ, ਜਿਸ ਨਾਲ ਕਈ ਵਿਦਿਆਰਥੀ ਗੰਭੀਰ ਜ਼ਖਮੀ ਹੋ ਗਏ। ਉਨ੍ਹਾਂ ਨੇ ਇਸ ਗੱਲ ’ਤੇ ਗੰਭੀਰ ਚਿੰਤਾ ਪ੍ਰਗਟਾਈ ਕਿ ਨਾ ਸਿਰਫ਼ ਵਿਦਿਆਰਥਣਾਂ ’ਤੇ ਹਮਲਾ ਕੀਤਾ ਗਿਆ, ਸਗੋਂ ਉਨ੍ਹਾਂ ਨੂੰ ਸ਼ਾਮ 7 ਵਜੇ ਤੋਂ ਬਾਅਦ ਹਿਰਾਸਤ ਵਿੱਚ ਵੀ ਲਿਆ ਗਿਆ, ਜੋ ਕਿ ਨਿਯਮਾਂ ਦੀ ਉਲੰਘਣਾ ਹੈ।
ਵਿਦਿਆਰਥੀਆਂ ਅਨੁਸਾਰ ਇਹ ਵਿਵਾਦ ਇੱਕ ਜਨਰਲ ਬਾਡੀ ਮੀਟਿੰਗ ਦੌਰਾਨ ਸ਼ੁਰੂ ਹੋਇਆ ਸੀ, ਜਿੱਥੇ ਸੱਜੇ ਅਤੇ ਖੱਬੇ ਪੱਖੀ ਵਿਦਿਆਰਥੀ ਧੜਿਆਂ ਵਿੱਚ ਟਕਰਾਅ ਹੋ ਗਿਆ। ਖੱਬੇ ਪੱਖੀ ਵਿਦਿਆਰਥੀਆਂ ਨੇ ਏ ਬੀ ਵੀ ਪੀ ’ਤੇ ਮੀਟਿੰਗ ਵਿੱਚ ਖਲਲ ਪਾਉਣ ਅਤੇ ਯੂਨੀਅਨ ਦੇ ਅਹੁਦੇਦਾਰਾਂ ਖ਼ਿਲਾਫ਼ ਅਪਮਾਨਜਨਕ ਭਾਸ਼ਾ ਵਰਤਣ ਦਾ ਦੋਸ਼ ਲਾਇਆ ਸੀ। ਇਸੇ ਦੇ ਵਿਰੋਧ ਵਿੱਚ ਵਿਦਿਆਰਥੀਆਂ ਨੇ ਵਸੰਤ ਕੁੰਜ ਥਾਣੇ ਵੱਲ ਮਾਰਚ ਕੀਤਾ, ਜਿਸ ਦੌਰਾਨ ਪੁਲੀਸ ਨੇ ਉਨ੍ਹਾਂ ਨੂੰ ਰੋਕਿਆ ਅਤੇ 28 ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਰਿਹਾਅ ਹੋਣ ਤੋਂ ਬਾਅਦ ਜੇ ਐੱਨ ਯੂ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਨਿਤੀਸ਼ ਨੇ ਕਿਹਾ, ‘ਸਾਨੂੰ ਰਾਤ ਭਰ ਪ੍ਰੇਸ਼ਨ ਕੀਤਾ ਗਿਆ ਅਤੇ ਸਵੇਰੇ ਛੱਡ ਦਿੱਤਾ ਗਿਆ।’ ਜੇ ਐੱਨ ਯੂ ਟੀ ਏ ਨੇ ਕਿਹਾ ਕਿ ਇਹ ਘਟਨਾ ਕੁਝ ਦਿਨ ਪਹਿਲਾਂ ਦਿੱਲੀ ਯੂਨੀਵਰਸਿਟੀ ਦੇ ਇੱਕ ਕਾਲਜ ਵਿੱਚ ਹੋਈ ਘਟਨਾ ਦੀ ਯਾਦ ਦਿਵਾਉਂਦੀ ਹੈ, ਜਿੱਥੇ ਇੱਕ ਅਧਿਆਪਕ ’ਤੇ ਪੁਲੀਸ ਦੀ ਮੌਜੂਦਗੀ ਵਿੱਚ ਹਮਲਾ ਕੀਤਾ ਗਿਆ ਸੀ। ਉਨ੍ਹਾਂ ਨੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਸ਼ਕਲ ਸਮੇਂ ਵਿੱਚ ਚੌਕਸ ਰਹਿਣ ਅਤੇ ਲੋਕਤੰਤਰ ਤੇ ਸ਼ਾਂਤਮਈ ਵਿਰੋਧ ਦੇ ਅਧਿਕਾਰ ‘ਤੇ ਹੋ ਰਹੇ ਇਸ ਹਮਲੇ ਖ਼ਿਲਾਫ਼ ਆਵਾਜ਼ ਬੁਲੰਦ ਕਰਨ।
ਪੁਲੀਸ ਨੇ ਦੋਸ਼ ਨਕਾਰੇ
ਡਿਪਟੀ ਕਮਿਸ਼ਨਰ ਆਫ ਪੁਲੀਸ (ਦੱਖਣ-ਪੱਛਮ) ਅਮਿਤ ਗੋਇਲ ਨੇ ਵਿਦਿਆਰਥੀਆਂ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ਼ਾਮ 6 ਵਜੇ ਦੇ ਕਰੀਬ 70-80 ਵਿਦਿਆਰਥੀ ਜੇ ਐੱਨ ਯੂ ਦੇ ਪੱਛਮੀ ਗੇਟ ’ਤੇ ਇਕੱਠੇ ਹੋਏ ਅਤੇ ਉਨ੍ਹਾਂ ਨੇ ਨੈਲਸਨ ਮੰਡੇਲਾ ਮਾਰਗ ’ਤੇ ਲੱਗੇ ਪੁਲੀਸ ਬੈਰੀਕੇਡ ਤੋੜ ਦਿੱਤੇ। ਉਨ੍ਹਾਂ ਦੋਸ਼ ਲਾਇਆ ਕਿ ਵਿਦਿਆਰਥੀਆਂ ਨੇ ਪੁਲੀਸ ਕਰਮਚਾਰੀਆਂ ਨਾਲ ਹੱਥੋਪਾਈ ਕੀਤੀ ਅਤੇ ਆਵਾਜਾਈ ਵਿੱਚ ਵਿਘਨ ਪਾਇਆ। ਗੋਇਲ ਨੇ ਕਿਹਾ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਜੇ ਐੱਨ ਯੂ ਐੱਸ ਯੂ ਦੇ ਅਹੁਦੇਦਾਰਾਂ ਸਮੇਤ ਕੁੱਲ 28 ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਇਸ ਦੌਰਾਨ ਛੇ ਪੁਲੀਸ ਕਰਮਚਾਰੀ ਵੀ ਜ਼ਖਮੀ ਹੋਏ ਹਨ।