ਦਿੱਲੀ ਵਿਚ ਭਾਰਤ ਮੰਡਪਮ ਨੇੜੇ ਬੰਦੂਕ ਦੀ ਨੋਕ ’ਤੇ 1 ਕਰੋੜ ਦੇ ਗਹਿਣੇ ਲੁੱਟੇ
ਪੁਲੀਸ ਲੁਟੇਰਿਆਂ ਦੀ ਪੈੜ ਨੱਪਣ ਲਈ ਆਲੇ ਦੁਆਲੇ ਦੇ ਸੀਸੀਟੀਵੀ ਖੰਗਾਲਣ ਲੱਗੀ
ਇਥੇ ਭਾਰਤ ਮੰਡਪਮ ਨੇੜੇ ਬਾਈਕ ਸਵਾਰ ਹਮਲਾਵਰਾਂ ਨੇ ਸਕੂਟਰ ’ਤੇ ਕਰੀਬ ਇਕ ਕਰੋੜ ਰੁਪਏ ਦੇ ਗਹਿਣੇ ਲੈ ਕੇ ਜਾ ਰਹੇ ਵਿਅਕਤੀ ਨੂੰ ਕਥਿਤ ਬੰਦੂਕ ਦੀ ਨੋਕ ’ਤੇ ਲੁੱਟ ਲਿਆ। ਇਹ ਘਟਨਾ ਬੁੱਧਵਾਰ ਦੁਪਹਿਰ ਸਮੇਂ ਵਾਪਰੀ ਜਦੋਂ ਪੀੜਤ ਭੈਰੋਂ ਮੰਦਰ ਨੇੜੇ ਗਹਿਣਿਆਂ ਦੀ ਖੇਪ ਲੈ ਕੇ ਆਪਣੀ ਮੰਜ਼ਿਲ ਵੱਲ ਜਾ ਰਿਹਾ ਸੀ। ਸ਼ਿਕਾਇਤਕਰਤਾ ਮੁਤਾਬਕ ਲੁਟੇਰੇ ਅੱਧਾ ਕਿਲੋ ਸੋਨਾ ਅਤੇ 35 ਕਿਲੋ ਚਾਂਦੀ ਲੈ ਕੇ ਫ਼ਰਾਰ ਹੋ ਗਏ।
ਪੀੜਤਾਂ, ਜਿਨ੍ਹਾਂ ਦੀ ਪਛਾਣ ਸ਼ਿਵਮ ਕੁਮਾਰ ਯਾਦਵ (28) ਅਤੇ ਉਸ ਦੇ ਸਾਥੀ ਰਾਘਵ (55) ਵਜੋਂ ਹੋਈ ਹੈ, ਸਕੂਟਰ ’ਤੇ ਚਾਂਦਨੀ ਚੌਕ ਤੋਂ ਭੈਰੋਂ ਮੰਦਰ ਵੱਲ ਜਾ ਰਹੇ ਸਨ। ਜਦੋਂ ਉਹ ਮੰਦਰ ਪਾਰਕਿੰਗ ਖੇਤਰ ਨੇੜੇ ਪਹੁੰਚੇ, ਤਾਂ ਮੋਟਰਸਾਈਕਲ ’ਤੇ ਸਵਾਰ ਦੋ ਹਮਲਾਵਰਾਂ ਨੇ ਉਨ੍ਹਾਂ ਨੂੰ ਕਥਿਤ ਤੌਰ ’ਤੇ ਰੋਕਿਆ। ਲੁਟੇਰਿਆਂ ਨੇ ਮੌਕੇ ਤੋਂ ਭੱਜਣ ਤੋਂ ਪਹਿਲਾਂ ਬੰਦੂਕ ਦੀ ਨੋਕ ’ਤੇ ਚਾਂਦੀ ਨਾਲ ਭਰਿਆ ਇੱਕ ਬੈਗ ਅਤੇ ਸੋਨੇ ਅਤੇ ਚਾਂਦੀ ਦੀਆਂ ਚੀਜ਼ਾਂ ਵਾਲਾ ਇੱਕ ਬੈਗ ਖੋਹ ਲਿਆ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਫੋਨ ਕਰਨ ਵਾਲਾ ਮੋਟਰਸਾਈਕਲ ਦਾ ਪੂਰਾ ਰਜਿਸਟ੍ਰੇਸ਼ਨ ਨੰਬਰ ਨੋਟ ਨਹੀਂ ਕਰ ਸਕਿਆ।
ਸੂਚਨਾ ਮਿਲਣ ਤੋਂ ਬਾਅਦ ਤਿਲਕ ਮਾਰਗ ਪੁਲੀਸ ਸਟੇਸ਼ਨ ਦੀ ਟੀਮ ਮੌਕੇ ’ਤੇ ਪਹੁੰਚ ਗਈ। ਅਧਿਕਾਰੀਆਂ ਨੇ ਕਿਹਾ ਕਿ ਲੁਟੇਰਿਆਂ ਵੱਲੋਂ ਲਏ ਗਏ ਰਸਤੇ ਦਾ ਪਤਾ ਲਗਾਉਣ ਅਤੇ ਉਨ੍ਹਾਂ ਦੀ ਪਛਾਣ ਕਰਨ ਲਈ ਆਲੇ ਦੁਆਲੇ ਦੇ ਇਲਾਕਿਆਂ ਦੇ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ। ਅਧਿਕਾਰੀ ਨੇ ਕਿਹਾ, ‘‘ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਅਤੇ ਲੁਟੇਰਿਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲੀਸ ਨੇ ਲੁੱਟੇ ਗਏ ਗਹਿਣਿਆਂ ਦੀ ਅਸਲ ਕੀਮਤ ਦਾ ਪਤਾ ਲਗਾਉਣ ਲਈ ਗਹਿਣਿਆਂ ਦੀ ਦੁਕਾਨ ਦੇ ਮਾਲਕ ਨੂੰ ਬੁਲਾਇਆ ਹੈ।’’