ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜਥੇਦਾਰ ਗੜਗੱਜ ਵੱਲੋਂ ਏਅਰ ਇਡੀਆ ਸਟਾਫ ਦੇ ਵਤੀਰੇ ਦੀ ਆਲੋਚਨਾ

ਤਾਮਿਲ ਅਧਾਰਤ ਸਿੱਖ ਵਕੀਲ ਦੇ ਭੇਸ ’ਤੇ ਟਿੱਪਣੀ ਕਰਨ ਵਾਲਿਆਂ ’ਤੇ ਕਾਰਵਾਈ ਮੰਗੀ
Advertisement

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਤਾਮਿਲ ਸਿੱਖ ਤੇ ਸੁਪਰੀਮ ਕੋਰਟ ਦੇ ਵਕੀਲ ਜੀਵਨ ਸਿੰਘ ਵਿਰੁੱਧ ਬੀਤੇ ਦਿਨੀਂ ਨਵੀਂ ਦਿੱਲੀ ਦੇ ਹਵਾਈ ਅੱਡੇ ਉੱਤੇ ਏਅਰ ਇੰਡੀਆ ਦੇ ਸਟਾਫ਼ ਵੱਲੋਂ ਕੀਤੇ ਗਏ ਵਿਤਕਰੇ ਤੇ ਅਪਮਾਨਜਨਕ ਵਤੀਰੇ ਦੀ ਕਰੜੀ ਆਲੋਚਨਾ ਕੀਤੀ ਹੈ।

ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਅੱਜ ਜਦੋਂ ਸਮੁੱਚਾ ਦੇਸ਼ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ , ਜਿਨ੍ਹਾਂ ਨੇ ਧਾਰਮਿਕ ਅਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਲਈ ਸ਼ਹਾਦਤ ਦਿੱਤੀ, ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਮਨਾ ਰਿਹਾ ਹੈ, ਉਦੋਂ ਉਨ੍ਹਾਂ ਦੇ ਸਿੱਖਾਂ ਨਾਲ ਅਜ਼ਾਦ ਦੇਸ਼ ਅੰਦਰ ਅਪਮਾਨਜਨਕ ਵਿਤਕਰਾ ਕੀਤਾ ਜਾ ਰਿਹਾ ਹੈ।

Advertisement

ਜਥੇਦਾਰ ਨੇ ਕਿਹਾ ਕਿ ਜੀਵਨ ਸਿੰਘ ਨਾਲ ਜੋ ਘਟਨਾ ਨਵੀਂ ਦਿੱਲੀ ਹਵਾਈ ਅੱਡੇ ਉੱਤੇ ਵਾਪਰੀ ਹੈ, ਉਸ ਨਾਲ ਦੇਸ਼ ਵਿਦੇਸ਼ ਵਿੱਚ ਵੱਸਦੇ ਸਿੱਖਾਂ ਦੇ ਮਨਾਂ ਨੂੰ ਗਹਿਰੀ ਸੱਟ ਲੱਗੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਏਅਰ ਇੰਡੀਆ ਨੇ ਇਸ ਮਾਮਲੇ ਵਿੱਚ ਪੀੜਤ ਅਤੇ ਦਿੱਲੀ ਅਧਾਰਿਤ ਐਡਵੋਕੇਟ ਨੀਨਾ ਸਿੰਘ ਪਾਸ ਲਿਖਤੀ ਈ-ਮੇਲ ਰਾਹੀਂ ਖੇਦ ਪ੍ਰਗਟ ਕੀਤਾ ਹੈ ਪਰੰਤੂ ਇਸ ਨਾਲ ਬਣਦੀ ਜ਼ਿੰਮੇਵਾਰੀ ਖਤਮ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਏਅਰ ਇੰਡੀਆ ਇਸ ਘਟਨਾ ਨਾਲ ਸਬੰਧਤ ਕੀਤੀ ਗਈ ਸਮੁੱਚੀ ਜਾਂਚ ਨੂੰ ਪਾਰਦਰਸ਼ਤਾ ਦੇ ਮੱਦੇਨਜ਼ਰ ਜਨਤਕ ਕਰੇ । ਇਹ ਦੱਸਿਆ ਜਾਵੇ ਕਿ ਦੋਸ਼ੀ ਸਟਾਫ਼ ਮੈਂਬਰਾਂ ਵਿਰੁੱਧ ਕੀ ਕਾਰਵਾਈ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਅਜਿਹੇ ਵਰਤਾਰਿਆਂ ਤੋਂ ਸਪੱਸ਼ਟ ਹੁੰਦਾ ਹੈ ਕਿ ਸਰਕਾਰਾਂ ਸਿੱਖ ਸਰੋਕਾਰਾਂ, ਪਛਾਣ ਤੇ ਕਕਾਰਾਂ ਪ੍ਰਤੀ ਸੰਜੀਦਾ ਪਹੁੰਚ ਨਹੀਂ ਰੱਖਦੀਆਂ। ਉਨ੍ਹਾਂ ਸਿੱਖ ਕੌਮ ਨੂੰ ਹਦਾਇਤ ਕੀਤੀ ਕਿ ਜਿੱਥੇ ਕਿਧਰੇ ਵੀ ਸਿੱਖ ਪਛਾਣ ਤੇ ਕਕਾਰਾਂ ਵਿਰੁੱਧ ਕੋਈ ਕਾਰਵਾਈ ਹੋਵੇ ਤਾਂ ਉਸ ਵਿਰੁੱਧ ਸਮੂਹਿਕ ਰੂਪ ਵਿੱਚ ਦੋਸ਼ੀਆਂ ਖ਼ਿਲਾਫ਼ ਅਵਾਜ਼ ਉਠਾਈ ਜਾਵੇ ਅਤੇ ਉਨ੍ਹਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ।

ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਦੇਸ਼ ਪੱਧਰ ਦੇ ਜ਼ਰੂਰੀ ਦਿਸ਼ਾ ਨਿਰਦੇਸ਼ ਤੁਰੰਤ ਪ੍ਰਭਾਵ ਨਾਲ ਜਾਰੀ ਕੀਤੇ ਜਾਣੇ ਚਾਹੀਦੇ ਹਨ ਅਤੇ ਜੇਕਰ ਫਿਰ ਵੀ ਕੋਈ ਸਿੱਖ ਵਿਰੋਧੀ ਕਾਰਵਾਈ ਕਰਦਾ ਹੈ ਤਾਂ ਸਬੰਧਤ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਲਾਜ਼ਮੀ ਹੋਣੀ ਚਾਹੀਦੀ ਹੈ।

ਦੱਸਣ ਯੋਗ ਹੈ ਕਿ ਪੀੜਿਤ ਸਿੱਖ ਨੂੰ 24 ਸਤੰਬਰ ਨੂੰ ਸਿੰਘਾਪੁਰ ਜਾਣ ਵੇਲੇ ਦਿੱਲੀ ਦੇ ਹਵਾਈ ਅੱਡੇ ਤੇ ਅਮਲੇ ਵੱਲੋਂ ਰੋਕਿਆ ਗਿਆ ਸੀ ਜਿੱਥੇ ਹਵਾਈ ਕੰਪਨੀ ਦੇ ਅਮਲੇ ਵੱਲੋਂ ਉਨ੍ਹਾਂ ਦੀ ਪਹਿਚਾਣ, ਰੰਗ, ਜਾਤ ਅਧਾਰਤ ਟਿੱਪਣੀ ਕੀਤੀ ਗਈ ਸੀ।

Advertisement
Show comments