Israel-Iran conflict: ਭਾਰਤੀ ਨਾਗਰਿਕਾਂ ਨੂੰ ਲੈ ਕੇ ਆ ਰਹੀ ਪਹਿਲੀ ਉਡਾਣ ਦੇ ਵੀਰਵਾਰ ਤੜਕੇ ਦਿੱਲੀ ਪੁੱਜਣ ਦੀ ਉਮੀਦ
First evacuation flight bringing back Indians expected to land early Thursday
ਨਵੀਂ ਦਿੱਲੀ, 18 ਜੂਨ
ਇਜ਼ਰਾਈਲ ਇਰਾਨ ਟਕਰਾਅ ਦਰਮਿਆਨ ਇਰਾਨ ’ਚੋਂ ਸੁਰੱਖਿਅਤ ਬਾਹਰ ਕੱਢੇ ਭਾਰਤੀ ਨਾਗਰਿਕਾਂ ਨੂੰ ਲੈ ਕੇ ਆ ਰਹੀ ਪਹਿਲੀ ਉਡਾਣ ਦੇ ਵੀਰਵਾਰ ਤੜਕੇ ਦਿੱਲੀ ਪੁੱਜਣ ਦੀ ਉਮੀਦ ਹੈ। ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਤਹਿਰਾਨ ਵਿਚ ਰਹਿ ਰਹੇ ਭਾਰਤੀ ਵਿਦਿਆਰਥੀਆਂ ਨੂੰ ਭਾਰਤੀ ਸਫਾਰਤਖਾਨੇ ਵੱਲੋਂ ਕੀਤੇ ਪ੍ਰਬੰਧਾਂ ਤਹਿਤ ਸ਼ਹਿਰ ’ਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ।
ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਭਾਰਤੀ ਨਾਗਰਿਕਾਂ ਨੂੰ ਅਰਮੇਨੀਆ ਦੀ ਰਾਜਧਾਨੀ ਯੇਰੇਵੈਨ ਲੈ ਕੇ ਆ ਰਹੀ ਉਡਾਣ 19 ਜੂਨ ਨੂੰ ਤੜਕੇ 2 ਵਜੇ ਦੇ ਕਰੀਬ ਦਿੱਲੀ ਪੁੱਜ ਸਕਦੀ ਹੈ। ਇਰਾਨ ਦੀ ਰਾਜਧਾਨੀ ਤਹਿਰਾਨ ਭਿਆਨਕ ਇਜ਼ਰਾਇਲੀ ਹਮਲੇ ਦੀ ਮਾਰ ਹੇਠ ਹੈ। ਇਜ਼ਰਾਈਲ ਤਹਿਰਾਨ ਦੇ ਪ੍ਰਮਾਣੂ ਪ੍ਰੋਗਰਾਮ ਅਤੇ ਇਸ ਦੀਆਂ ਬੈਲਿਸਟਿਕ ਮਿਜ਼ਾਈਲ ਸਮਰੱਥਾਵਾਂ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਭਾਰਤੀ ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਜਾਰੀ ਬਿਆਨ ਵਿੱਚ ਕਿਹਾ ਸੀ ਕਿ ਤਹਿਰਾਨ ਵਿਚ ਰਹਿ ਰਹੇ ਭਾਰਤੀ ਨਾਗਰਿਕ, ਜਿਨ੍ਹਾਂ ਕੋਲ ਆਵਾਜਾਈ ਦੇ ਆਪਣੇ ਸਾਧਨ ਹਨ, ਨੂੰ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਸ਼ਹਿਰ ਤੋਂ ਬਾਹਰ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ। ਮੰਤਰਾਲੇ ਨੇ ਕਿਹਾ ਕਿ ਕੁਝ ਭਾਰਤੀਆਂ ਨੂੰ ਅਰਮੇਨੀਆ ਨਾਲ ਲੱਗਦੀ ਸਰਹੱਦ ਰਾਹੀਂ ਇਰਾਨ ਛੱਡਣ ਦੀ ਸਹੂਲਤ ਦਿੱਤੀ ਗਈ ਹੈ। ਜੰਮੂ ਅਤੇ ਕਸ਼ਮੀਰ ਸਟੂਡੈਂਟਸ ਐਸੋਸੀਏਸ਼ਨ ਮੁਤਾਬਕ ਉਰਮੀਆ ਮੈਡੀਕਲ ਯੂਨੀਵਰਸਿਟੀ ਦੇ 110 ਭਾਰਤੀ ਵਿਦਿਆਰਥੀ, ਜਿਨ੍ਹਾਂ ਵਿੱਚੋਂ 90 ਕਸ਼ਮੀਰ ਵਾਦੀ ਦੇ ਹਨ, ਸੁਰੱਖਿਅਤ ਢੰਗ ਨਾਲ ਅਰਮੇਨੀਆ ਵਿੱਚ ਸਰਹੱਦ ਪਾਰ ਕਰ ਗਏ ਹਨ। -ਪੀਟੀਆਈ