ਦਿੱਲੀ ਪੁਲੀਸ ਦੀ ਕਰਾਈਮ ਬ੍ਰਾਂਚ ਨੇ ਸ਼ਨਿਚਰਵਾਰ ਨੂੰ ਪਾਕਿਸਤਾਨ ਦੀ ਇੰਟਰ ਸਰਵਿਸਿਜ਼ ਇੰਟੈਲੀਜੈਂਸ (ISI) ਸਮਰਥਿਤ ਹਥਿਆਰ ਸਪਲਾਈ ਦਾ ਪਰਦਾਫਾਸ਼ ਕੀਤਾ ਹੈ। ਇਸ ਦੌਰਾਨ ਦਿੱਲੀ ਐੱਨਸੀਆਰ ਦੇ ਗੈਂਗਸਟਰਾਂ ਲਈ ਤੁਰਕੀ ਅਤੇ ਚੀਨ ਵਿੱਚ ਬਣੇ ਪਿਸਤੌਲ ਜ਼ਬਤ ਕੀਤੇ ਗਏ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਹਥਿਆਰ ਪਾਕਿਸਤਾਨ ਤੋਂ ਡਰੋਨਾਂ ਰਾਹੀਂ ਦੇਸ਼ ਵਿੱਚ ਤਸਕਰੀ ਕੀਤੇ ਗਏ ਸਨ। ਪੁਲੀਸ ਨੇ ਗ੍ਰਿਫ਼ਤਾਰ ਕੀਤੇ ਗਏ ਚਾਰ ਤਸਕਰਾਂ ਦੀ ਪਛਾਣ ਮਨਦੀਪ, ਅਜੈ, ਦਲਵਿੰਦਰ ਅਤੇ ਰੋਹਨ ਵਜੋਂ ਕੀਤੀ ਹੈ, ਜੋ ਪੰਜਾਬ ਅਤੇ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ।
ਜਾਂਚਕਰਤਾ ਹੁਣ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਇਸ ਨੈਟਵਰਕ ਰਾਹੀਂ ਕਿੰਨੇ ਹਥਿਆਰਾਂ ਦੀ ਖੇਪ ਭਾਰਤ ਵਿੱਚ ਦਾਖਲ ਹੋਈ ਅਤੇ ਕਿਹੜੇ ਅਪਰਾਧਿਕ ਸਮੂਹਾਂ ਨੇ ਉਨ੍ਹਾਂ ਨੂੰ ਹਾਸਲ ਕੀਤਾ। ਇੱਕ ਅਧਿਕਾਰੀ ਨੇ ਦੱਸਿਆ ਕਿ ਵਿਦੇਸ਼ੀ ਹੈਂਡਲਰਾਂ ਸਮੇਤ ਪੂਰੀ ਲੜੀ ਦਾ ਪਤਾ ਲਗਾਉਣ ਲਈ ਟੀਮਾਂ ਮੋਬਾਈਲ ਟਿਕਾਣਿਆਂ, ਬੈਂਕ ਲੈਣ-ਦੇਣ ਅਤੇ ਸੋਸ਼ਲ ਮੀਡੀਆ ਗਤੀਵਿਧੀਆਂ ਦੀ ਜਾਂਚ ਕਰ ਰਹੀਆਂ ਹਨ।
ਪੁਲੀਸ ਨੇ ਅੱਗੇ ਕਿਹਾ ਕਿ ਚਾਰੋਂ ਦੋਸ਼ੀ ਉਸ ਮਾਡਿਊਲ ਦਾ ਹਿੱਸਾ ਸਨ, ਜਿਨ੍ਹਾਂ ਨੇ ਡਰੋਨ ਦੀ ਵਰਤੋਂ ਕਰਕੇ ਪਾਕਿਸਤਾਨ ਤੋਂ ਉੱਨਤ ਹਥਿਆਰ ਪ੍ਰਾਪਤ ਕੀਤੇ ਅਤੇ ਉਨ੍ਹਾਂ ਨੂੰ ਲਾਰੈਂਸ ਬਿਸ਼ਨੋਈ, ਗੋਗੀ, ਬੰਬੀਹਾ ਅਤੇ ਹਿਮਾਂਸ਼ੂ ਭਾਊ ਵਰਗੇ ਵੱਡੇ ਗੈਂਗਾਂ ਨੂੰ ਸਪਲਾਈ ਕੀਤਾ।
ਉਨ੍ਹਾਂ ਦੱਸਿਆ ਕਿ ਖਾਸ ਖੁਫੀਆ ਜਾਣਕਾਰੀ ’ਤੇ ਕਾਰਵਾਈ ਕਰਦੇ ਹੋਏ ਕ੍ਰਾਈਮ ਬ੍ਰਾਂਚ ਨੇ ਰੋਹਿਣੀ ਇਲਾਕੇ ਵਿੱਚ ਜਾਲ ਵਿਛਾਇਆ ਅਤੇ ਇਸ ਦੌਰਾਨ ਮੁਲਜ਼ਮਾਂ ਨੂੰ ਕਾਬੂ ਕੀਤਾ। ਪੁਲੀਸ ਨੇ ਤੁਰਕੀ ਅਤੇ ਚੀਨ ਤੋਂ ਆਏ 10 ਆਧੁਨਿਕ ਪਿਸਤੌਲ ਅਤੇ ਕਾਰਤੂਸਾਂ ਦਾ ਇੱਕ ਵੱਡਾ ਜ਼ਖੀਰਾ ਬਰਾਮਦ ਕੀਤਾ ਹੈ।
ਜਾਂਚਕਰਤਾਵਾਂ ਦੇ ਅਨੁਸਾਰ ਹਥਿਆਰਾਂ ਦੀ ਗੁਣਵੱਤਾ ਅਤੇ ਕਾਰਵਾਈ ਦੇ ਪੈਮਾਨੇ ਤੋਂ ਇੱਕ ਚੰਗੀ ਫੰਡਿੰਗ ਪ੍ਰਾਪਤ, ਮਜ਼ਬੂਤ ਤਾਲਮੇਲ ਵਾਲੇ ਅੰਤਰਰਾਸ਼ਟਰੀ ਨੈਟਵਰਕ ਦਾ ਪਤਾ ਲੱਗਦਾ ਹੈ।
ਪੁਲਿਸ ਨੇ ਦੱਸਿਆ ਕਿ ਸਪਲਾਈ ਰੂਟ ਦਾ ਪ੍ਰਬੰਧਨ ਪਾਕਿਸਤਾਨ ਤੋਂ ਕੀਤਾ ਜਾ ਰਿਹਾ ਸੀ, ਜਿੱਥੇ ਤੁਰਕੀ ਅਤੇ ਚੀਨ ਤੋਂ ਦਰਾਮਦ ਕੀਤੇ ਗਏ ਹਥਿਆਰ ਪਹਿਲਾਂ ਇਕੱਠੇ ਕੀਤੇ ਜਾਂਦੇ ਸਨ। ਫਿਰ ਇਹ ਖੇਪਾਂ ਡਰੋਨਾਂ ਰਾਹੀਂ ਪੰਜਾਬ ਵਿੱਚ ਸੁੱਟੀਆਂ ਜਾਂਦੀਆਂ ਸਨ ਅਤੇ ਬਾਅਦ ਵਿੱਚ ਪੰਜਾਬ, ਉੱਤਰ ਪ੍ਰਦੇਸ਼ ਦੇ ਤਸਕਰ ਅਪਰਾਧਕ ਸਿੰਡੀਕੇਟਾਂ ਨੂੰ ਡਿਲੀਵਰਲੀ ਲਈ ਹਥਿਆਰਾਂ ਦਿੱਲੀ ਅਤੇ ਨੇੜਲੇ ਰਾਜਾਂ ਵਿੱਚ ਲੈ ਜਾਂਦੇ ਸਨ।

