1000 ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਲਈ ਹਵਾਈ ਖੇਤਰ ’ਤੇ ਲੱਗੀ ਪਾਬੰਦੀ ਹਟਾਏਗਾ ਇਰਾਨ
ਨਵੀਂ ਦਿੱਲੀ, 20 ਜੂਨ
ਇਰਾਨ ਨੇ ਵਿਸ਼ੇਸ਼ ਸੈਨਤ ਦਿਖਾਉਂਦਿਆਂ ਇਕ ਹਜ਼ਾਰ ਦੇ ਕਰੀਬ ਭਾਰਤੀ ਨਾਗਰਿਕਾਂ, ਜਿਨ੍ਹਾਂ ਵਿਚੋਂ ਬਹੁਗਿਣਤੀ ਭਾਰਤੀ ਵਿਦਿਆਰਥੀਆਂ ਦੀ ਹੈ, ਨੂੰ ਮਸ਼ਾਦ ਸ਼ਹਿਰ ਤੋਂ ਸੁਰੱਖਿਅਤ ਕੱਢਣ ਲਈ ਆਪਣੇ ਹਵਾਈ ਖੇਤਰ ’ਤੇ ਲੱਗੀ ਪਾਬੰਦੀ ਆਰਜ਼ੀ ਤੌਰ ’ਤੇ ਹਟਾਉਣ ਦਾ ਫੈਸਲਾ ਕੀਤਾ ਹੈ। ਭਾਰਤੀ ਨਾਗਰਿਕਾਂ ਨੂੰ ਤਿੰਨ ਚਾਰਟਰ ਉਡਾਣਾਂ ਰਾਹੀਂ ਨਵੀਂ ਦਿੱਲੀ ਲਿਆਂਦਾ ਜਾਵੇਗਾ। ਭਾਰਤ ਵਿਚ ਇਰਾਨੀ ਮਿਸ਼ਨ ਦੇ ਉਪ ਮੁਖੀ ਮੁਹੰਮਦ ਜਾਵੇਦ ਹੁਸੈਨੀ ਨੇ ਕਿਹਾ ਕਿ ਲੋੜ ਪੈਣ ’ਤੇ ਅਗਲੇ ਦਿਨਾਂ ਵਿਚ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਕੁਝ ਹੋਰ ਉਡਾਣਾਂ ਚਲਾਈਆਂ ਜਾ ਸਕਦੀਆਂ ਹਨ।
ਇਰਾਨ ਦੀ ਰਾਜਧਾਨੀ ਤਹਿਰਾਨ ’ਤੇ ਇਜ਼ਰਾਇਲੀ ਹਮਲਿਆਂ ਮਗਰੋਂ ਭਾਰਤੀ ਨਾਗਰਿਕਾਂ ਨੂੰ ਉਥੋਂ ਮਸ਼ਾਦ ਲਿਆਂਦਾ ਗਿਆ ਹੈ। ਮਸ਼ਾਦ ਤੋਂ ਭਾਰਤੀਆਂ ਨੂੰ ਲੈ ਕੇ ਆਉਣ ਵਾਲੀਆਂ ਉਡਾਣਾਂ ਦਾ ਪ੍ਰਬੰਧ ਨਵੀਂ ਦਿੱਲੀ ਵੱਲੋਂ ਕੀਤਾ ਗਿਆ ਹੈ ਤੇ ਉਡਾਣਾਂ ਇਰਾਨ ਦੀ ਏਅਰਲਾਈਨ Mahan ਵੱਲੋਂ ਚਲਾਈਆਂ ਜਾਣਗੀਆਂ। ਪਹਿਲੀ ਉਡਾਣ ਦੇ ਸ਼ੁੱਕਰਵਾਰ ਸ਼ਾਮੀਂ ਦਿੱਲੀ ਪੁੱਜਣ ਦੀ ਉਮੀਦ ਹੈ। ਭਾਰਤੀ ਨਾਗਰਿਕਾਂ ਨੂੰ ਲੈ ਕੇ ਆ ਰਹੀ ਇਕ ਹੋਰ ਉਡਾਣ ਤੁਰਕਮੇਨਿਸਤਾਨ ਦੀ ਰਾਜਧਾਨੀ ਅਸ਼ਗਾਬਾਤ ਤੋਂ ਦਿੱਲੀ ਪਹੁੰਚੇਗੀ। ਅਸ਼ਗਾਬਾਤ ਰਸਤੇ ਭਾਰਤ ਆ ਰਹੇ ਭਾਰਤੀ ਨਾਗਰਿਕ ਇਰਾਨ ਤੋਂ ਸਰਹੱਦ ਰਸਤੇ ਤੁਰਕਮੇਨਿਸਤਾਨ ਵਿਚ ਦਾਖ਼ਲ ਹੋਏ ਸਨ।
ਭਾਰਤ ਨੇ ਇਰਾਨ-ਇਜ਼ਰਾਈਲ ਟਕਰਾਅ ਕਰਕੇ ਮੌਜੂਦਾ ਸੁਰੱਖਿਆ ਹਾਲਾਤ ਦੇ ਮੱਦੇਨਜ਼ਰ ਇਰਾਨ ਅਤੇ ਇਜ਼ਰਾਈਲ ਤੋਂ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਬੁੱਧਵਾਰ ਨੂੰ Operation Sindhu ਸ਼ੁਰੂ ਕੀਤਾ ਸੀ।
ਭਾਰਤੀਆਂ ਨੂੰ ਲੈ ਕੇ ਆ ਰਹੀ ਪਹਿਲੀ ਚਾਰਟਰ ਉਡਾਣ ਸ਼ੁੱਕਰਵਾਰ ਰਾਤੀਂ ਦਿੱਲੀ ਪਹੁੰਚੇਗੀ। ਹੁਸੈਨੀ ਨੇੇ ਮੀਡੀਆ ਬ੍ਰੀਫਿੰਗ ਦੌਰਾਨ ਕਿਹਾ, ‘‘ਅਸੀਂ ਭਾਰਤੀਆਂ ਨੂੰ ਆਪਣੇ ਲੋਕ ਮੰਨਦੇ ਹਾਂ। ਇਰਾਨ ਦਾ ਹਵਾਈ ਖੇਤਰ ਬੰਦ ਹੈ ਪਰ ਅਸੀਂ ਭਾਰਤੀ ਨਾਗਰਿਕਾਂ ਦੇ ਸੁਰੱਖਿਅਤ ਲਾਂਘੇ ਲਈ ਇਸ ਨੂੰ ਖੋਲ੍ਹਣ ਦੇ ਪ੍ਰਬੰਧ ਕਰ ਰਹੇ ਹਾਂ।’’ ਉਨ੍ਹਾਂ ਕਿਹਾ, ‘‘ਅਸੀਂ ਭਾਰਤੀ ਨਾਗਰਿਕਾਂ ਨੂੰ ਆਪਣੇ ਲੋਕ ਮੰਨਦੇ ਹਾਂ। ਉਹ ਇਰਾਨੀਆਂ ਵਾਂਗ ਹਨ।’’ ਹੁਸੈਨੀ ਨੇ ਕਿਹਾ, ‘‘ਕਰੀਬ 1,000 ਭਾਰਤੀਆਂ, ਜਿਨ੍ਹਾਂ ਨੂੰ ਤਹਿਰਾਨ ਤੋਂ Qom ਅਤੇ ਫਿਰ ਮਸ਼ਾਦ ਭੇਜਿਆ ਗਿਆ ਸੀ, ਨੂੰ ਤਿੰਨ ਚਾਰਟਰ ਉਡਾਣਾਂ ਰਾਹੀਂ ਨਵੀਂ ਦਿੱਲੀ ਲਿਆਂਦਾ ਜਾਵੇਗਾ।’’
ਉਨ੍ਹਾਂ ਕਿਹਾ, ‘‘ਪਹਿਲੀ ਉਡਾਣ ਅੱਜ (ਸ਼ੁੱਕਰਵਾਰ) ਰਾਤ ਨੂੰ ਨਵੀਂ ਦਿੱਲੀ ਹਵਾਈ ਅੱਡੇ ’ਤੇ ਉਤਰੇਗੀ ਜਦੋਂਕਿ ਦੋ ਹੋਰ ਉਡਾਣਾਂ ਸ਼ਨਿੱਚਰਵਾਰ ਨੂੰ ਪਹੁੰਚਣਗੀਆਂ।’’ ਇਰਾਨੀ ਰਾਜਦੂਤ ਨੇ ਕਿਹਾ ਕਿ ਲੋੜ ਪੈਣ ’ਤੇ ਆਉਂਦੇ ਦਿਨਾਂ ਵਿਚ ਹੋਰ ਉਡਾਣਾਂ ਦਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਰਾਨ ਵਿਚ 10 ਹਜ਼ਾਰ ਦੇ ਕਰੀਬ ਭਾਰਤੀ ਰਹਿ ਰਹੇ ਹਨ ਤੇ ਜਿਹੜੇ ਆਪਣੇ ਘਰਾਂ ਨੂੰ ਮੁੜਨਾ ਚਾਹੁੰਦੇ ਹਨ, ਉਨ੍ਹਾਂ ਨੂੰ ਸੁਰੱਖਿਅਤ ਕੱਢਿਆ ਜਾ ਰਿਹਾ ਹੈ। -ਪੀਟੀਆਈ