ਅਮੋਨੀਅਮ ਵੇਚਣ ਤੇ ਖਰੀਦਣ ਵਾਲਿਆਂ ਦਾ ਰਿਕਾਰਡ ਰੱਖਣ ਦੇ ਨਿਰਦੇਸ਼
ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਲਾਲ ਕਿਲੇ ਨੇੜੇ ਧਮਾਕੇ ਤੋਂ ਬਾਅਦ ਪੁਲੀਸ ਕਮਿਸ਼ਨਰ ਅਤੇ ਮੁੱਖ ਸਕੱਤਰ ਨੂੰ ਅਮੋਨੀਅਮ ਨਾਈਟ੍ਰੇਟ ਦੀ ਵਿਕਰੀ ’ਤੇ ਸਖ਼ਤ ਨਿਯਮ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਜ਼ਿਕਰਯੋਗ ਹੈ ਕਿ ਬੰਬ ਧਮਾਕੇ ਵਿੱਚ 15 ਜਣਿਆਂ ਦੀ ਮੌਤ ਹੋ ਗਈ ਸੀ। ਉਪ ਰਾਜਪਾਲ ਨੇ ਦਿੱਲੀ ਪੁਲੀਸ ਨੂੰ ਤੈਅ ਸੀਮਾ ਤੋਂ ਵੱਧ ਅਮੋਨੀਅਮ ਨਾਈਟ੍ਰੇਟ ਖਰੀਦਣ ਅਤੇ ਵੇਚਣ ਵਾਲੀਆਂ ਸੰਸਥਾਵਾਂ ਦਾ ਡਿਜੀਟਲ ਰਿਕਾਰਡ ਰੱਖਣ ਲਈ ਕਿਹਾ ਹੈ ਜਿਸ ਵਿੱਚ ਖਰੀਦਦਾਰਾਂ ਅਤੇ ਵੇਚਣ ਵਾਲਿਆਂ ਦੀ ਤਸਵੀਰ ਵੀ ਸ਼ਾਮਲ ਹੈ। ਐੱਲ ਜੀ ਨੇ ਪੁਲੀਸ ਕਮਿਸ਼ਨਰ ਸਤੀਸ਼ ਗੋਲਚਾ ਅਤੇ ਮੁੱਖ ਸਕੱਤਰ ਰਾਜੀਵ ਵਰਮਾ ਨੂੰ ਭੇਜੇ ਪੱਤਰ ਵਿੱਚ ਹਸਪਤਾਲਾਂ ਖਾਸ ਕਰ ਕੇ ਨਿੱਜੀ ਹਸਪਤਾਲਾਂ ਵਿੱਚ ਕੰਮ ਕਰਨ ਵਾਲੇ ਡਾਕਟਰਾਂ ਦੇ ਨਾਲ-ਨਾਲ ਪੈਰਾ-ਮੈਡੀਕਲ ਸਟਾਫ ਦੀ ਰਿਪੋਰਟ ਤਿਆਰ ਕਰਨ ਲਈ ਆਖਿਆ ਹੈ। ਵਿਦੇਸ਼ ਤੋਂ ਪੜ੍ਹਾਈ ਕਰਨ ਵਾਲੇ ਡਾਕਟਰਾਂ ਬਾਰੇ ਵੀ ਪੜਤਾਲ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਤੋਂ ਇਲਾਵਾ ਵਾਹਨਾਂ ਦੀ ਵਿਕਰੀ ਅਤੇ ਖਰੀਦ ਵਿੱਚ ਸ਼ਾਮਲ ਸਾਰੇ ਡਿਜੀਟਲ ਪਲੇਟਫਾਰਮਾਂ ਅਤੇ ਫਾਇਨਾਂਸਰਾਂ ’ਤੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ। ਦਿੱਲੀ ਦੇ ਉਪ ਰਾਜਪਾਲ ਨੇ ਹੁਕਮ ਦਿੱਤਾ ਖ਼ਾਸ ਕਰਕੇ ਪੁਰਾਣੇ ਵਾਹਨ ਵੇਚਣ ਵਾਲਿਆਂ ਬਾਰੇ ਪੜਤਾਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਾਹਨਾਂ ਦਾ ਅਸਲ ਮਾਲਕ ਰਜਿਸਟਰਡ ਮਾਲਕ ਤੋਂ ਵੱਖਰਾ ਹੈ, ਉਨ੍ਹਾਂ ਨੂੰ ਕਿਸੇ ਵੀ ਸਥਿਤੀ ਵਿੱਚ ਗੱਡੀਆਂ ਚਲਾਉਣ ਦੀ ਮਨਜ਼ੂਰੀ ਨਾ ਦਿੱਤੀ ਜਾਵੇਗੀ। ਇਨ੍ਹਾਂ ਹੁਕਮਾਂ ਕਾਰਨ ਆਟੋ ਚਾਲਕਾਂ ਦੀ ਸਮੱਸਿਆ ਵਧ ਸਕਦੀ ਹੈ ਕਿਉਂਕਿ ਆਟੋ ਰਿਕਸ਼ਾ ਦੇ ਪਰਮਿਟ ਰੱਖਣ ਵਾਲੇ ਅਸਲ ਮਾਲਕ ਤੋਂ ਵੱਖਰੇ ਹੁੰਦੇ ਹਨ।
