ਤਕਨੀਕੀ ਸਮੱਸਿਆ ਕਾਰਨ Indigo ਜਹਾਜ਼ ਕੌਮੀ ਰਾਜਧਾਨੀ ਪਰਤਿਆ
ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਜੂਨ
ਲੇਹ ਜਾਣ ਵਾਲੀ ਇੰਡੀਗੋ ਦੀ ਇਕ ਉਡਾਣ ਜਹਾਜ਼ ਵਿਚ ਤਕਨੀਕੀ ਨੁਕਸ ਕਾਰਨ ਦੋ ਘੰਟਿਆਂ ਤੋਂ ਵੱਧ ਸਮੇਂ ਤੱਕ ਹਵਾ ਵਿੱਚ ਰਹਿਣ ਤੋਂ ਬਾਅਦ ਵੀਰਵਾਰ ਸਵੇਰੇ ਕੌਮੀ ਰਾਜਧਾਨੀ ਵਾਪਸ ਆਈ। ਫਲਾਈਟ ਟਰੈਕਿੰਗ ਵੈੱਬਸਾਈਟ ਫਲਾਈਟਰਡਾਰ24ਡੌਟਕੌਮ 'ਤੇ ਉਪਲਬਧ ਜਾਣਕਾਰੀ ਅਨੁਸਾਰ ਦਿੱਲੀ ਤੋਂ ਲੇਹ ਜਾਣ ਵਾਲੀ ਫਲਾਈਟ 6ਈ2006 ਚਲਾਉਣ ਵਾਲਾ ਏ320 ਜਹਾਜ਼ ਦੋ ਘੰਟਿਆਂ ਤੋਂ ਵੱਧ ਸਮੇਂ ਤੱਕ ਹਵਾ ਵਿੱਚ ਰਹਿਣ ਤੋਂ ਬਾਅਦ ਦਿੱਲੀ ਪਰਤ ਆਇਆ।
ਏਅਰਲਾਈਨ ਦੇ ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ ਕਿ 19 ਜੂਨ ਨੂੰ ਦਿੱਲੀ ਤੋਂ ਲੇਹ ਜਾਣ ਵਾਲੀ ਇੰਡੀਗੋ ਫਲਾਈਟ 6ਈ 2006, ਇੱਕ ਤਕਨੀਕੀ ਸਮੱਸਿਆ ਕਾਰਨ ਮੂਲ ਸਥਾਨ 'ਤੇ ਵਾਪਸ ਆ ਗਈ। ਬੁਲਾਰੇ ਨੇ ਇਹ ਵੀ ਕਿਹਾ ਕਿ ਜਹਾਜ਼ ਦਾ ਸੰਚਾਲਨ ਮੁੜ ਸ਼ੁਰੂ ਕਰਨ ਤੋਂ ਪਹਿਲਾਂ ਜ਼ਰੂਰੀ ਜਾਂਚ ਤੇ ਸਾਂਭ-ਸੰਭਾਲ ਕੀਤੀ ਜਾ ਰਹੀ ਹੈ। ਇਸ ਦੌਰਾਨ ਹਵਾਈ ਯਾਤਰੀਆਂ ਨੂੰ ਲੇਹ ਭੇਜਣ ਲਈ ਬਦਲਵੇਂ ਜਹਾਜ਼ ਦਾ ਪ੍ਰਬੰਧ ਕੀਤਾ ਗਿਆ ਹੈ।
ਬੁਲਾਰੇ ਨੇ ਇਸ ਕਾਰਨ ਯਾਤਰੀਆਂ ਨੂੰ ਹੋਈ ਪ੍ਰੇਸ਼ਾਨੀ ਲਈ ਅਫਸੋਸ ਪ੍ਰਗਟ ਕੀਤਾ। ਜਹਾਜ਼ ਵਿੱਚ ਸਵਾਰ ਯਾਤਰੀਆਂ ਦੀ ਗਿਣਤੀ ਬਾਰੇ ਵੇਰਵੇ ਤੁਰੰਤ ਪਤਾ ਨਹੀਂ ਲੱਗ ਸਕੇ।