Indigo flight makes emergency landing in Bengaluru ਗੁਹਾਟੀ ਤੋਂ ਚੇਨਈ ਜਾ ਰਹੀ ਉਡਾਣ ਦੀ ਐਮਰਜੈਂਸੀ ਲੈਂਡਿੰਗ
ਨਵੀਂ ਦਿੱਲੀ, 21 ਜੂਨ
ਅਹਿਮਦਾਬਾਦ ਹਾਦਸੇ ਤੋਂ ਬਾਅਦ ਇਕ ਹੋਰ ਪਾਇਲਟ ਨੇ ਮੇਅਡੇਅ (Mayday) ਕਾਲ ਕੀਤੀ ਸੀ। ਇਹ ਕਾਲ 19 ਜੂਨ ਨੂੰ ਕੀਤੀ ਗਈ ਸੀ ਜਦੋਂ ਇੰਡੀਗੋ ਦੀ ਗੁਹਾਟੀ-ਚੇਨਈ ਹਵਾਈ ਉਡਾਣ ਨੂੰ ਹੰਗਾਮੀ ਹਾਲਤ ਵਿਚ ਉਤਾਰਿਆ ਗਿਆ ਸੀ। ਇਸ ਘਟਨਾ ਦੇ ਵੇਰਵੇ ਅੱਜ ਸਾਹਮਣੇ ਆਏ ਹਨ। ਜਾਣਕਾਰੀ ਅਨੁਸਾਰ ਜਦੋਂ ਪਾਇਲਟ ਨੇ ਹਵਾਈ ਜਹਾਜ਼ ਵਿਚ ਤੇਲ ਦੀ ਮਾਤਰਾ ਬਹੁਤ ਘੱਟ ਪਾਈ ਤਾਂ ਉਸ ਨੇ ਏਅਰ ਟਰੈਫਿਕ ਕੰਟਰੋਲ ਨੂੰ ਮੇਅਡੇਅ ਕਾਲ ਕੀਤੀ। ਇਸ ਤੋਂ ਬਾਅਦ ਤੁਰੰਤ ਇਸ ਉਡਾਣ ਦੀ ਬੰਗਲੁਰੂ ਵਿਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਬੰਗਲੁਰੂ ਹਵਾਈ ਅੱਡਾ ਅਧਿਕਾਰੀਆਂ ਨੇ ਦੱਸਿਆ ਕਿ ਇਸ ਉਡਾਣ ਦੇ ਪਾਇਲਟ ਨੇ ਉਡਾਣ ਭਰਨ ਤੋਂ ਬਾਅਦ ਦੇਖਿਆ ਕਿ ਹਵਾਈ ਜਹਾਜ਼ ਵਿੱਚ ਪੂਰਾ ਤੇਲ ਨਹੀਂ ਹੈ ਜਿਸ ਕਾਰਨ ਇਸ ਉਡਾਣ ਨੂੰ ਬੰਗਲੁਰੂ ਵੱਲ ਮੋੜਿਆ ਗਿਆ।
ਪੌਣੇ ਅੱਠ ਵਜੇ ਦੀ ਥਾਂ ਸਵਾ ਅੱਠ ਵਜੇ ਦੇ ਕਰੀਬ ਉਤਰੀ ਉਡਾਣ
ਇੰਡੀਗੋ ਦੇ ਬੁਲਾਰੇ ਨੇ ਕਿਹਾ ਕਿ ਏਅਰਲਾਈਨ ਨੇ ਬੰਗਲੁਰੂ ਵਿੱਚ ਉਤਰਨ ਤੋਂ ਪਹਿਲਾਂ ਮੇਅਡੇਅ ਕਾਲ ਕੀਤੀ ਸੀ, ਕਿਉਂਕਿ ਇਸ ਦਾ ਪੈਟਰੋਲ ਖਤਮ ਹੋ ਗਿਆ ਸੀ। ਇਹ ਘਟਨਾ 19 ਜੂਨ ਨੂੰ ਵਾਪਰੀ ਸੀ। ਇਸ ਉਡਾਣ ਨੇ ਸ਼ਾਮ 7.45 ਵਜੇ ਚੇਨਈ ਪਹੁੰਚਣਾ ਸੀ ਪਰ ਚੇਨਈ ਵਿੱਚ ਖਰਾਬ ਮੌਸਮ ਕਾਰਨ, ਇਹ ਉਡਾਣ ਇਸ ਹਵਾਈ ਅੱਡੇ ’ਤੇ ਉਤਰ ਨਹੀਂ ਸਕੀ। ਪਾਇਲਟ ਨੇ ਉਡਾਣ ਨੂੰ ਬੰਗਲੁਰੂ ਵੱਲ ਮੋੜਨ ਦਾ ਫੈਸਲਾ ਕੀਤਾ ਪਰ ਉਸ ਨੇ ਦੇਖਿਆ ਕਿ ਇਸ ਦਾ ਪੈਟਰੋਲ ਖਤਮ ਹੋ ਗਿਆ ਹੈ। ਇਸ ਲਈ ਉਸ ਨੇ ਹਵਾਈ ਅੱਡੇ ਨੂੰ ਇੱਕ ਮੇਅਡੇਅ ਕਾਲ ਨਾਲ ਸੁਚੇਤ ਕੀਤਾ। ਇੰਡੀਗੋ ਦੇ ਬੁਲਾਰੇ ਨੇ ਸਪਸ਼ਟ ਕੀਤਾ ਕਿ ਇਹ ਉਡਾਣ ਆਖਰਕਾਰ 19 ਜੂਨ ਨੂੰ ਰਾਤ 8.20 ਵਜੇ ਬੰਗਲੁਰੂ ਵਿੱਚ ਸੁਰੱਖਿਅਤ ਉਤਰ ਗਈ।