ਇੰਡੀਗੋ ਸੰਕਟ :10-15 ਦਸੰਬਰ ਤੱਕ ਸਥਿਤੀ ਆਮ ਹੋਣ ਦੀ ਉਮੀਦ: CEO
ਇੰਡੀਗੋ ਦੇ ਮੁੱਖ ਕਾਰਜਕਾਰੀ ਅਧਿਕਾਰੀ (CEO) ਪੀਟਰ ਐਲਬਰਸ ਨੇ ਕਿਹਾ ਕਿ ਏਅਰਲਾਈਨ ਨੂੰ ਉਮੀਦ ਹੈ ਕਿ ਸ਼ਨੀਵਾਰ ਨੂੰ 1,000 ਤੋਂ ਘੱਟ ਉਡਾਣਾਂ ਰੱਦ ਹੋਣਗੀਆਂ ਅਤੇ ਸਥਿਤੀ 10-15 ਦਸੰਬਰ ਦੇ ਵਿਚਕਾਰ ਆਮ ਹੋਣ ਦੀ ਸੰਭਾਵਨਾ ਹੈ।
ਐਲਬਰਸ ਨੇ ਇੱਕ ਵੀਡੀਓ ਸੰਦੇਸ਼ ਵਿੱਚ ਇਸ ਗੜਬੜੀ ਕਾਰਨ ਯਾਤਰੀਆਂ ਨੂੰ ਹੋਈ ਵੱਡੀ ਅਸੁਵਿਧਾ ਲਈ ਮੁਆਫੀ ਮੰਗੀ।
ਉਨ੍ਹਾਂ ਕਿਹਾ, “ਅਫਸੋਸ ਦੀ ਗੱਲ ਹੈ ਕਿ ਪਿਛਲੇ ਕੁਝ ਦਿਨਾਂ ਦੇ ਸ਼ੁਰੂਆਤੀ ਉਪਾਅ ਕਾਫੀ ਨਹੀਂ ਸਾਬਤ ਹੋਏ। ਇਸ ਲਈ ਅਸੀਂ ਅੱਜ ਆਪਣੇ ਸਾਰੇ ਸਿਸਟਮਾਂ ਅਤੇ ਸਮਾਂ-ਸਾਰਣੀਆਂ ਨੂੰ ਰੀਬੂਟ ਕਰਨ ਦਾ ਫੈਸਲਾ ਕੀਤਾ, ਜਿਸ ਦੇ ਨਤੀਜੇ ਵਜੋਂ ਹੁਣ ਤੱਕ ਦੀਆਂ ਸਭ ਤੋਂ ਵੱਧ ਉਡਾਣਾਂ ਰੱਦ ਹੋਈਆਂ ਪਰ ਕੱਲ੍ਹ ਤੋਂ ਸ਼ੁਰੂ ਹੋਣ ਵਾਲੇ ਅਗਾਂਹਵਧੂ ਸੁਧਾਰਾਂ ਲਈ ਇਹ ਜ਼ਰੂਰੀ ਸੀ।”
ਐਲਬਰਸ ਨੇ ਕਿਹਾ, “ਇਨ੍ਹਾਂ ਕਾਰਵਾਈਆਂ ਨਾਲ, ਅਸੀਂ ਉਮੀਦ ਕਰਦੇ ਹਾਂ ਕਿ ਕੱਲ੍ਹ 1,000 ਤੋਂ ਘੱਟ ਉਡਾਣਾਂ ਰੱਦ ਹੋਣਗੀਆਂ। ਡੀ.ਜੀ.ਸੀ.ਏ. (DGCA) ਦੁਆਰਾ ਖਾਸ ਐਫ.ਡੀ.ਟੀ.ਐਲ. (FDTL) ਲਾਗੂ ਕਰਨ ਵਿੱਚ ਰਾਹਤ ਪ੍ਰਦਾਨ ਕਰਨਾ ਬਹੁਤ ਮਦਦਗਾਰ ਹੈ।”
ਹਵਾਬਾਜ਼ੀ ਰੈਗੂਲੇਟਰ ਡੀ.ਜੀ.ਸੀ.ਏ. ਨੇ ਨਵੇਂ ਫਲਾਈਟ ਡਿਊਟੀ ਟਾਈਮ ਲਿਮਿਟੇਸ਼ਨਜ਼ (FDTL) ਨਿਯਮਾਂ ਨੂੰ ਲਾਗੂ ਕਰਨ ’ਤੇ ਰੋਕ ਲਗਾ ਦਿੱਤੀ ਹੈ, ਅਤੇ ਇਨ੍ਹਾਂ ਨਿਯਮਾਂ ਨੂੰ ਲਾਗੂ ਕਰਨ ਦੇ ਦੂਜੇ ਪੜਾਅ ਦੀ ਯੋਜਨਾਬੰਦੀ ਵਿੱਚ ਕਮੀਆਂ ਮੌਜੂਦਾ ਉਡਾਣ ਗੜਬੜੀਆਂ ਦੇ ਮੁੱਖ ਕਾਰਕਾਂ ਵਿੱਚੋਂ ਇੱਕ ਹਨ।
ਦੱਸ ਦਈਏ ਕਿ ਇੰਡੀਗੋ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਹੈ ਅਤੇ ਆਮ ਤੌਰ ’ਤੇ ਰੋਜ਼ਾਨਾ ਲਗਭਗ 2,300 ਉਡਾਣਾਂ ਦਾ ਸੰਚਾਲਨ ਕਰਦੀ ਹੈ।
