IndiGo ਮੁਖੀ ਨੇ ਮੰਗੀ ਜਨਤਕ ਮੁਆਫ਼ੀ, ਕਿਹਾ-ਸੰਚਾਲਨ ਨੂੰ ਆਮ ਬਣਾਉਣ ਲਈ ਕੰਮ ਕਰ ਰਹੇ ਪਰ ਇਹ ਆਸਾਨ ਨਹੀਂ !
ਫਲਾਈਟਾਂ ਦੀਆਂ ਚੱਲ ਰਹੀਆਂ ਪਰੇਸ਼ਾਨੀਆਂ ਦੇ ਵਿਚਕਾਰ, IndiGo ਦੇ ਸੀਈਓ ਪੀਟਰ ਐਲਬਰਸ ਨੇ ਕਿਹਾ ਕਿ ਏਅਰਲਾਈਨ ਦਾ ਤੁਰੰਤ ਟੀਚਾ ਸੰਚਾਲਨ ਨੂੰ ਆਮ ਬਣਾਉਣਾ ਅਤੇ ਸਮੇਂ ਦੀ ਪਾਬੰਦੀ (punctuality) ਨੂੰ ਵਾਪਸ ਲੀਹ ’ਤੇ ਲਿਆਉਣਾ ਹੈ ਜੋ ਕਿ ਇੱਕ ਆਸਾਨ ਟੀਚਾ ਨਹੀਂ ਹੈ।
ਉਨ੍ਹਾਂ ਨੇ ਸਟਾਫ ਨੂੰ ਭੇਜੇ ਇੱਕ ਸੰਦੇਸ਼ ਵਿੱਚ ਇਹ ਵੀ ਸਵੀਕਾਰ ਕੀਤਾ ਕਿ ਏਅਰਲਾਈਨ ਯਾਤਰੀਆਂ ਨੂੰ ਵਧੀਆ ਸੁਵਿਧਾ ਪ੍ਰਦਾਨ ਕਰਨ ਦੇ ਵਾਅਦੇ ’ਤੇ ਖਰੀ ਨਹੀਂ ਉਤਰ ਸਕੀ।
ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ IndiGo ਪਿਛਲੇ ਕੁਝ ਦਿਨਾਂ ਤੋਂ ਵੱਡੇ ਕਾਰਜਕਾਰੀ ਵਿਘਨ ਨਾਲ ਜੂਝ ਰਹੀ ਹੈ, ਜਿਸ ਕਾਰਨ ਵੀਰਵਾਰ ਨੂੰ 300 ਤੋਂ ਵੱਧ ਫਲਾਈਟਾਂ ਰੱਦ ਹੋ ਗਈਆਂ ਅਤੇ ਕਈ ਉਡਾਣਾਂ ਵਿੱਚ ਦੇਰੀ ਹੋਈ।
ਐਲਬਰਸ ਨੇ ਕਿਹਾ ਕਿ ਇਹ ਪਿਛਲੇ ਕੁਝ ਦਿਨ IndiGo ਦੇ ਬਹੁਤ ਸਾਰੇ ਯਾਤਰੀਆਂ ਅਤੇ ਸਹਿਕਰਮੀਆਂ ਲਈ ਮੁਸ਼ਕਲ ਰਹੇ ਹਨ।
ਉਨ੍ਹਾਂ ਕਿਹਾ, “ ਅਸੀਂ ਰੋਜ਼ਾਨਾ ਲਗਭਗ 3,80,000 ਯਾਤਰੀਆਂ ਦੀ ਸੇਵਾ ਕਰਦੇ ਹਾਂ ਅਤੇ ਚਾਹੁੰਦੇ ਹਾਂ ਕਿ ਉਨ੍ਹਾਂ ਵਿੱਚੋਂ ਹਰ ਇੱਕ ਨੂੰ ਵਧੀਆ ਸੁਵਿਧਾ ਮਿਲੇ। ਅਸੀਂ ਪਿਛਲੇ ਦਿਨਾਂ ਵਿੱਚ ਇਸ ਵਾਅਦੇ ’ਤੇ ਖਰੇ ਨਹੀਂ ਉਤਰ ਸਕੇ ਅਤੇ ਅਸੀਂ ਇਸ ਲਈ ਜਨਤਕ ਤੌਰ ’ਤੇ ਮੁਆਫੀ ਮੰਗੀ ਹੈ।”
ਉਨ੍ਹਾਂ ਅਨੁਸਾਰ, ਕਈ ਕਾਰਜਕਾਰੀ ਚੁਣੌਤੀਆਂ ਇਕੱਠੀਆਂ ਹੋ ਗਈਆਂ, ਜਿਸ ਵਿੱਚ ਛੋਟੀਆਂ ਤਕਨੀਕੀ ਖਾਮੀਆਂ, ਸਮਾਂ-ਸਾਰਣੀ ਵਿੱਚ ਤਬਦੀਲੀਆਂ, ਖਰਾਬ ਮੌਸਮ, ਹਵਾਬਾਜ਼ੀ ਪ੍ਰਣਾਲੀ ਵਿੱਚ ਵਧਿਆ ਹੋਇਆ ਭੀੜ-ਭੜੱਕਾ ਅਤੇ ਨਵੇਂ ਜਾਰੀ ਕੀਤੇ ਗਏ FDTL (Flight Duty Time Limitations) ਨਿਯਮਾਂ ਦਾ ਲਾਗੂ ਹੋਣਾ ਸ਼ਾਮਲ ਹੈ। ਇਨ੍ਹਾਂ ਸਭ ਨੇ ਮਿਲ ਕੇ ਏਅਰਲਾਈਨ ਦੇ ਸੰਚਾਲਨ ’ਤੇ ਵੱਡਾ ਪ੍ਰਭਾਵ ਪਾਇਆ।
ਜ਼ਿਕਰਯੋਗ ਹੈ ਕਿ ਏਅਰਲਾਈਨ ਰੋਜ਼ਾਨਾ ਲਗਭਗ 2,300 ਉਡਾਣਾਂ ਦਾ ਸੰਚਾਲਨ ਕਰਦੀ ਹੈ।
ਸੀਈਓ ਨੇ ਕਿਹਾ, “ ਸਾਡੇ ਨੈੱਟਵਰਕ ਦੇ ਆਕਾਰ, ਪੈਮਾਨੇ ਅਤੇ ਗੁੰਝਲਦਾਰਤਾ ਨੂੰ ਦੇਖਦੇ ਹੋਏ, ਇਹ ਵਿਘਨ ਤੁਰੰਤ ਵੱਡੇ ਹੋ ਜਾਂਦੇ ਹਨ ਅਤੇ ਕਈ ਪੱਧਰਾਂ ’ਤੇ ਦਖਲਅੰਦਾਜ਼ੀ ਦੀ ਲੋੜ ਹੁੰਦੀ ਹੈ। ਇਸ ਲਈ ਇਸ ਸਮੇਂ ਬਹੁਤ ਕੰਮ ਕੀਤਾ ਜਾ ਰਿਹਾ ਹੈ। ਸਾਡਾ ਤੁਰੰਤ ਟੀਚਾ ਸਾਡੇ ਸੰਚਾਲਨ ਨੂੰ ਆਮ ਬਣਾਉਣਾ ਅਤੇ ਆਉਣ ਵਾਲੇ ਦਿਨਾਂ ਵਿੱਚ ਸਮੇਂ ਦੀ ਪਾਬੰਦੀ ਨੂੰ ਵਾਪਸ ਲੀਹ ’ਤੇ ਲਿਆਉਣਾ ਹੈ, ਜੋ ਕਿ ਇੱਕ ਆਸਾਨ ਟੀਚਾ ਨਹੀਂ ਹੈ।”
