ਅਮਲੇ ਦੀ ਘਾਟ ਕਾਰਨ ਇੰਡੀਗੋ ਵੱਲੋਂ 70 ਤੋਂ ਵੱਧ ਉਡਾਣਾਂ ਰੱਦ
ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਦੱਸਿਆ ਕਿ ਇੰਡੀਗੋ ਦੀਆਂ ਛੇ ਮੁੱਖ ਘਰੇਲੂ ਹਵਾਈ ਅੱਡਿਆਂ ਤੋਂ ਬੀਤੇ ਦਿਨੀਂ ਉਡਾਣਾਂ ਪ੍ਰਭਾਵਿਤ ਹੋਈਆਂ। ਸੂਤਰਾਂ ਨੇ ਦੱਸਿਆ ਕਿ ਇੰਡੀਗੋ ਨੇ ਬੁੱਧਵਾਰ ਨੂੰ 70 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਹਨ ਜਿਨ੍ਹਾਂ ਵਿੱਚ ਬੰਗਲੁਰੂ ਅਤੇ ਮੁੰਬਈ ਹਵਾਈ ਅੱਡਿਆਂ ਦੀਆਂ ਉਡਾਣਾਂ ਸ਼ਾਮਲ ਹਨ। ਅਜਿਹਾ ਮੁੱਖ ਤੌਰ ’ਤੇ ਚਾਲਕ ਦਲ ਦੀ ਘਾਟ ਕਾਰਨ ਕੀਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਇੰਡੀਗੋ ਦੀਆਂ ਕਈ ਉਡਾਣਾਂ ਵੱਖ-ਵੱਖ ਹਵਾਈ ਅੱਡਿਆਂ ’ਤੇ ਦੇਰੀ ਨਾਲ ਚੱਲੀਆਂ ਕਿਉਂਕਿ ਇਹ ਹਵਾਈ ਉਡਾਣ ਕੰਪਨੀ ਆਪਣੀਆਂ ਉਡਾਣਾਂ ਚਲਾਉਣ ਲਈ ਚਾਲਕ ਦਲ ਦੀ ਘਾਟ ਨਾਲ ਜੂਝ ਰਹੀ ਹੈ। ਇੰਡੀਗੋ ਦੇ ਬੁਲਾਰੇ ਨੇ ਪਿਛਲੇ ਕੁਝ ਦਿਨਾਂ ਤੋਂ ਕਈ ਉਡਾਣਾਂ ਜਾਂ ਤਾਂ ਰੱਦ ਕੀਤੀਆਂ ਗਈਆਂ ਹਨ ਜਾਂ ਦੇਰੀ ਨਾਲ ਚੱਲੀਆਂ ਹਨ। ਇਸ ਦੇ ਕਈ ਕਾਰਨ ਹਨ ਜਿਨ੍ਹਾਂ ਵਿਚ ਤਕਨਾਲੋਜੀ ਦੇ ਮੁੱਦਿਆਂ, ਹਵਾਈ ਅੱਡਿਆਂ ’ਤੇ ਭੀੜ-ਭੜੱਕੇ ਅਤੇ ਸੰਚਾਲਨ ਸਬੰਧੀ ਕਈ ਸਮੱਸਿਆਵਾਂ ਕਾਰਨਾਂ ਉਡਾਣਾਂ ਵਿੱਚ ਦੇਰੀ ਹੋਈ ਹੈ ਪਰ ਇਸ ਸਮੱਸਿਆ ਨੂੰ ਜਲਦੀ ਹੱਲ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ FDTL ਨਿਯਮਾਂ ਦੇ ਦੂਜੇ ਪੜਾਅ ਨੂੰ ਲਾਗੂ ਕਰਨ ਤੋਂ ਬਾਅਦ ਇੰਡੀਗੋ ਨੂੰ ਚਾਲਕ ਦਲ ਦੀ ਭਾਰੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਹਵਾਈ ਅੱਡਿਆਂ ’ਤੇ ਇਸ ਦੇ ਸੰਚਾਲਨ ਵਿੱਚ ਭਾਰੀ ਦੇਰੀ ਹੋ ਰਹੀ ਹੈ। ਪੀਟੀਆਈ
