ਭਾਰਤੀ ਏਅਰਲਾਈਨਾਂ ਵੱਲੋਂ ਮੱਧ ਪੂਰਬ, ਯੂਰਪ ਅਤੇ ਅਮਰੀਕਾ ਤੇ ਕੈਨੇਡਾ ਲਈ ਉਡਾਣਾਂ ਮੁਅੱਤਲ
ਮੱਧ ਪੂਰਬ ਵਿਚ ਵਧਦੇ ਤਣਾਅ ਤੇ ਕਈ ਮੁਲਕਾਂ ਵੱਲੋਂ ਹਵਾਈ ਖੇਤਰ ਬੰਦ ਕੀਤੇ ਜਾਣ ਦੇ ਮੱਦੇਨਜ਼ਰ ਲਿਆ ਫੈਸਲਾ
ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 24 ਜੂਨ
ਭਾਰਤੀ ਏਅਰਲਾਈਨਾਂ ਨੇ ਖੇਤਰ ਵਿੱਚ ਵਧਦੇ ਤਣਾਅ ਦਰਮਿਆਨ ਮੱਧ ਪੂਰਬ ਲਈ ਆਪਣੀਆਂ ਉਡਾਣਾਂ ਮੁਅੱਤਲ ਕਰ ਦਿੱਤੀਆਂ ਹਨ। ਇਸ ਫੈਸਲੇ ਨਾਲ ਜਿੱਥੇ ਹਜ਼ਾਰਾਂ ਯਾਤਰੀ ਅਸਰਅੰਦਾਜ਼ ਹੋਏ ਹਨ, ਉਥੇ ਏਅਰਲਾਈਨਾਂ ਨੂੰ ਕਾਫ਼ੀ ਵਿੱਤੀ ਨੁਕਸਾਨ ਝੱਲਣਾ ਪਿਆ ਹੈ। ਏਅਰ ਇੰਡੀਆ, ਜੋ 12 ਜੂਨ ਨੂੰ ਅਹਿਮਦਾਬਾਦ ਤੋਂ ਲੰਡਨ ਜਾ ਰਹੀ ਉਡਾਣ ਦੇ ਹਾਦਸਾਗ੍ਰਸਤ ਹੋਣ ਕਰਕੇ ਪਹਿਲਾਂ ਹੀ ਸੰਚਾਲਨ ਨਾਲ ਜੁੜੇ ਅੜਿੱਕਿਆਂ ਨਾਲ ਜੂਝ ਰਹੀ ਹੈ, ਨੇ ਮੱਧ ਪੂਰਬ, ਯੂਰਪ ਦੇ ਨਾਲ-ਨਾਲ ਅਮਰੀਕਾ ਅਤੇ ਕੈਨੇਡਾ ਵਿਚ ਪੰਜ ਥਾਵਾਂ ਲਈ ਆਪਣੀਆਂ ਸੇਵਾਵਾਂ ਅਸਥਾਈ ਤੌਰ ’ਤੇ ਬੰਦ ਕਰ ਦਿੱਤੀਆਂ ਹਨ।
“Amid the developing situation in the Middle East, Air India has ceased all operations to the region as well as to and from the East Coast of North America and Europe with immediate effect, until further notice. Our India-bound flights from North America are…
— Air India (@airindia) June 23, 2025
ਏਅਰ ਇੰਡੀਆ ਨੇ ਇਕ ਬਿਆਨ ਵਿਚ ਕਿਹਾ, ‘‘ਮੱਧ ਪੂਰਬ ਵਿੱਚ ਬਣੇ ਮੌਜੂਦਾ ਹਾਲਾਤ ਅਤੇ ਕੁਝ ਹਵਾਈ ਖੇਤਰਾਂ ਦੇ ਬੰਦ ਹੋਣ ਕਰਕੇ, ਏਅਰ ਇੰਡੀਆ ਐਕਸਪ੍ਰੈਸ ਨੇ ਇਸ ਖੇਤਰ ਲਈ ਉਡਾਣਾਂ ਨੂੰ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤਾ ਹੈ।’’
Travel Advisory
In light of the recent developments in the Middle East, flight arrivals and departures from Dubai, Doha, Bahrain, Dammam, Abu Dhabi, Kuwait, Ras AI-Khaimah and Tbilisi are impacted.
We are actively monitoring the situation and adjusting our operations to…
— IndiGo (@IndiGo6E) June 23, 2025
ਉਧਰ ਇੰਡੀਗੋ ਨੇ ਵੀ ਅੱਜ ਸਵੇਰੇ ਕਿਹਾ ਕਿ ਉਹ ਵਰਤਮਾਨ ਵਿੱਚ ਅਤੇ ਹੌਲੀ-ਹੌਲੀ ਕੰਮ ਸ਼ੁਰੂ ਕਰ ਰਹੀ ਹੈ ਕਿਉਂਕਿ ਮੱਧ ਪੂਰਬ ਵਿੱਚ ਹਵਾਈ ਅੱਡੇ ਹੌਲੀ-ਹੌਲੀ ਦੁਬਾਰਾ ਖੁੱਲ੍ਹ ਰਹੇ ਹਨ। ਏਅਰਲਾਈਨ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਅਸੀਂ ਹਾਲਾਤ ’ਤੇ ਨੇੜਿਓਂ ਨਿਗ੍ਹਾ ਰੱਖ ਰਹੇ ਹਾਂ। ਸੁਰੱਖਿਅਤ ਅਤੇ ਨਿਰਵਿਘਨ ਯਾਤਰਾ ਯਕੀਨੀ ਬਣਾਉਣ ਲਈ ਸਭ ਤੋਂ ਸੁਰੱਖਿਅਤ ਉਪਲਬਧ ਉਡਾਣ ਮਾਰਗਾਂ ’ਤੇ ਵਿਚਾਰ ਕਰ ਰਹੇ ਹਾਂ।’’ ਦੁਬਈ ਅਤੇ ਦੋਹਾ ਦੇ ਹਵਾਈ ਅੱਡੇ ਵੀ ਰੁਝੇਂਵਿਆਂ ਵਾਲੀ ਕੌਮਾਂਤਰੀ ਹੱਬ ਹੈ, ਜਿਨ੍ਹਾਂ ਵਿੱਚ ਭਾਰਤ ਤੋਂ ਯੂਰਪ ਅਤੇ ਅਮਰੀਕਾ ਦੀਆਂ ਮੰਜ਼ਿਲਾਂ ਲਈ ਉਡਾਣ ਭਰਨ ਵਾਲੇ ਯਾਤਰੀ ਵੀ ਸ਼ਾਮਲ ਹਨ।
ਮੱਧ ਪੂਰਬ ਵਿਚ ਜਾਰੀ ਤਣਾਅ ਦੇ ਮੱਦੇਨਜ਼ਰ ਹਵਾਈ ਖੇਤਰਾਂ ’ਤੇ ਆਇਦ ਪਾਬੰਦੀਆਂ ਕਾਰਨ ਕਤਰ ਏਅਰਵੇਜ਼ ਸਮੇਤ ਕਈ ਆਲਮੀ ਏਅਰਲਾਈਨਾਂ ਦੇ ਸੰਚਾਲਨ ਪ੍ਰਭਾਵਿਤ ਹੋਏ ਹਨ। ਏਅਰ ਇੰਡੀਆ ਨੇ ਇਕ ਬਿਆਨ ਵਿਚ ਕਿਹਾ, ‘‘ਮੱਧ ਪੂਰਬ ਵਿਚ ਬਣੇ ਮੌਜੂਦਾ ਹਾਲਾਤ ਦਰਮਿਆਨ ਏਅਰ ਇੰਡੀਆ ਨੇ ਅਗਲੇ ਨੋਟਿਸ ਤੱਕ ਤੁਰੰਤ ਪ੍ਰਭਾਵ ਨਾਲ ਉੱਤਰੀ ਅਮਰੀਕਾ ਅਤੇ ਯੂਰਪ ਦੇ ਪੂਰਬੀ ਤੱਟ ਲਈ ਆਪਣੇ ਸਾਰੇ ਅਪਰੇਸ਼ਨਜ਼ ਬੰਦ ਕਰ ਦਿੱਤੇ ਹਨ। ਉੱਤਰੀ ਅਮਰੀਕਾ ਤੋਂ ਭਾਰਤ ਜਾਣ ਵਾਲੀਆਂ ਸਾਡੀਆਂ ਉਡਾਣਾਂ ਆਪੋ-ਆਪਣੇ ਮੂਲ ਸਥਾਨਾਂ ਵੱਲ ਵਾਪਸ ਮੁੜ ਰਹੀਆਂ ਹਨ ਅਤੇ ਹੋਰਾਂ ਨੂੰ ਭਾਰਤ ਵਾਪਸ ਮੋੜਿਆ ਜਾ ਰਿਹਾ ਹੈ ਜਾਂ ਬੰਦ ਹਵਾਈ ਖੇਤਰਾਂ ਤੋਂ ਦੂਰ ਭੇਜਿਆ ਜਾ ਰਿਹਾ ਹੈ।’’
ਸਪਾਈਸਜੈੱਟ ਨੇ ਐਕਸ ’ਤੇ ਇੱਕ ਪੋਸਟ ਵਿੱਚ ਕਿਹਾ ਕਿ ਮੱਧ ਪੂਰਬ ਵਿੱਚ ਹਵਾਈ ਖੇਤਰ ਬੰਦ ਹੋਣ ਕਾਰਨ ਉਸ ਦੀਆਂ ਕੁਝ ਉਡਾਣਾਂ ਪ੍ਰਭਾਵਿਤ ਹੋ ਸਕਦੀਆਂ ਹਨ।
ਅਕਾਸਾ ਏਅਰ ਨੇ ਵੀ X ’ਤੇ ਇੱਕ ਪੋਸਟ ਵਿੱਚ ਕਿਹਾ ਕਿ ਮੱਧ ਪੂਰਬ ਦੇ ਮੌਜੂਦਾ ਹਾਲਾਤ ਕਰਕੇ ਇਸ ਖੇਤਰ ਵਿੱਚ ਜਾਣ ਅਤੇ ਆਉਣ ਵਾਲੀਆਂ ਉਸ ਦੀਆਂ ਉਡਾਣਾਂ ਪ੍ਰਭਾਵਿਤ ਹੋ ਸਕਦੀਆਂ ਹਨ। ਇਸ ਤੋਂ ਪਹਿਲਾਂ ਸੋਮਵਾਰ ਨੂੰ ਭਾਰਤੀ ਏਅਰਲਾਈਨਾਂ ਨੇ ਆਪਣੀਆਂ ਕਈ ਉਡਾਣਾਂ ਨੂੰ ਡਾਇਵਰਟ ਕਰ ਦਿੱਤਾ ਸੀ ਕਿਉਂਕਿ ਕੁਝ ਖਾੜੀ ਮੁਲਕਾਂ ਨੇ ਇਰਾਨ ਵੱਲੋਂ ਕਤਰ ਵਿੱਚ ਅਮਰੀਕੀ ਏਅਰਬੇਸ ’ਤੇ ਮਿਜ਼ਾਈਲ ਹਮਲੇ ਕਰਨ ਤੋਂ ਬਾਅਦ ਆਪਣੇ ਹਵਾਈ ਖੇਤਰ ਨੂੰ ਬੰਦ ਕਰ ਦਿੱਤਾ ਸੀ। ਸੰਚਾਲਨ ਵਿੱਚ ਰੁਕਾਵਟਾਂ ਕਰਕੇ ਏਅਰਲਾਈਨਾਂ ਨੂੰ ਵੱਡੇ ਵਿੱਤੀ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ। -ਪੀਟੀਆਈ