ਭਾਰਤੀ ਏਅਰਲਾਈਨਾਂ ਨੇ ਕਾਠਮੰਡੂ ਲਈ ਉਡਾਣਾਂ ਰੱਦ ਕੀਤੀਆਂ
ਏਅਰ ਇੰਡੀਆ ਅਤੇ ਇੰਡੀਗੋ ਸਮੇਤ ਕਈ ਏਅਰਲਾਈਨਜ਼ ਨੇ ਕਾਠਮੰਡੂ ਲਈ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ, ਕਿਉਂਕਿ ਨੇਪਾਲ ਦੀ ਰਾਜਧਾਨੀ ਵਿੱਚ ਹਵਾਈ ਅੱਡਾ ਅਸਥਾਈ ਤੌਰ ’ਤੇ ਬੰਦ ਕਰ ਦਿੱਤਾ ਗਿਆ ਹੈ, ਜਿਸ ਦੇ ਨਾਲ ਹੀ ਗੁਆਂਢੀ ਦੇਸ਼ ਵਿੱਚ ਸਰਕਾਰ ਵਿਰੋਧੀ ਵੱਡੇ ਪ੍ਰਦਰਸ਼ਨ ਹੋ ਰਹੇ ਹਨ।
ਨੇਪਾਲ ਏਅਰਲਾਈਨਜ਼ ਨੇ ਵੀ ਮੰਗਲਵਾਰ ਨੂੰ ਦਿੱਲੀ ਤੋਂ ਕਾਠਮੰਡੂ ਦੀ ਆਪਣੀ ਉਡਾਣ ਰੱਦ ਕਰ ਦਿੱਤੀ। ਸੂਤਰਾਂ ਨੇ ਦੱਸਿਆ ਕਿ ਏਅਰ ਇੰਡੀਆ ਦੀ ਇੱਕ ਉਡਾਣ ਮੰਗਲਵਾਰ ਨੂੰ ਕਾਠਮੰਡੂ ਹਵਾਈ ਅੱਡੇ ’ਤੇ ਅੰਤਿਮ ਪਹੁੰਚ ਦੌਰਾਨ ਧੂੰਆਂ ਦੇਖੇ ਜਾਣ ਕਾਰਨ ਵਾਪਸ ਕੌਂਮੀ ਰਾਜਧਾਨੀ ਪਰਤ ਆਈ।
ਸੂਤਰਾਂ ਨੇ ਦੱਸਿਆ ਕਿ ਦਿੱਲੀ ਤੋਂ ਕਾਠਮੰਡੂ ਜਾਣ ਵਾਲੀ ਏਅਰ ਇੰਡੀਆ ਦੀ ਇੱਕ ਹੋਰ ਉਡਾਣ ਨੂੰ ਲਖਨਊ ਵੱਲ ਮੋੜਿਆ ਗਿਆ ਅਤੇ ਬਾਅਦ ਵਿੱਚ ਇਹ ਵਾਪਸ ਕੌਂਮੀ ਰਾਜਧਾਨੀ ਦਿੱਲੀ ਪਰਤ ਆਈ।
ਏਅਰ ਇੰਡੀਆ ਨੇ ਇੱਕ ਬਿਆਨ ਵਿੱਚ ਕਿਹਾ, “ ਕਾਠਮੰਡੂ ਵਿੱਚ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਦਿੱਲੀ-ਕਾਠਮੰਡੂ-ਦਿੱਲੀ ਰੂਟ ’ਤੇ ਸੰਚਾਲਿਤ ਹੋਣ ਵਾਲੀਆਂ ਹੇਠਲੀਆਂ ਉਡਾਣਾਂ AI2231/2232, AI2219/2220, AI217/218 ਅਤੇ AI211/212 ਨੂੰ ਅੱਜ ਰੱਦ ਕਰ ਦਿੱਤਾ ਗਿਆ ਹੈ। ਅਸੀਂ ਸਥਿਤੀ ’ਤੇ ਨਜ਼ਰ ਰੱਖ ਰਹੇ ਹਾਂ ਅਤੇ ਹੋਰ ਅਪਡੇਟਸ ਸਾਂਝੀਆਂ ਕਰਾਂਗੇ।”
ਏਅਰ ਇੰਡੀਆ ਦਿੱਲੀ ਅਤੇ ਕਾਠਮੰਡੂ ਵਿਚਕਾਰ ਦਿਨ ਵਿੱਚ ਛੇ ਉਡਾਣਾਂ ਸੰਚਾਲਿਤ ਕਰਦੀ ਹੈ, ਜਦਕਿ ਇੰਡੀਗੋ ਇਸ ਰੂਟ ’ਤੇ ਰੋਜ਼ਾਨਾ ਇੱਕ ਉਡਾਣ ਸੰਚਾਲਿਤ ਕਰਦੀ ਹੈ। ਇੰਡੀਗੋ ਨੇ ਐਕਸ ’ਤੇ ਇੱਕ ਪੋਸਟ ਵਿੱਚ ਕਿਹਾ, “ਕਾਠਮੰਡੂ ਵਿੱਚ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਹਵਾਈ ਅੱਡਾ ਸੰਚਾਲਨ ਲਈ ਬੰਦ ਕਰ ਦਿੱਤਾ ਗਿਆ ਹੈ। ਨਤੀਜੇ ਵਜੋਂ ਕਾਠਮੰਡੂ ਜਾਣ ਅਤੇ ਉਥੋਂ ਆਉਣ ਵਾਲੀਆਂ ਸਾਰੀਆਂ ਉਡਾਣਾਂ ਫਿਲਹਾਲ ਮੁਅੱਤਲ ਹਨ।”
ਏਅਰਲਾਈਨ ਨੇ ਇਹ ਵੀ ਕਿਹਾ ਕਿ ਉਹ ਹਾਲਾਤ ’ਤੇ ਨਜ਼ਰ ਰੱਖ ਰਹੀ ਹੈ ਅਤੇ ਜਲਦੀ ਤੋਂ ਜਲਦੀ ਸੰਚਾਲਨ ਸ਼ੁਰੂ ਕਰਨ ਲਈ ਸਥਾਨਕ ਅਧਿਕਾਰੀਆਂ ਨਾਲ ਸੰਪਰਕ ਵਿੱਚ ਹੈ। ਕਾਠਮੰਡੂ ਵਿੱਚ ਤ੍ਰਿਭੁਵਨ ਕੌਂਮਾਤਰੀ ਹਵਾਈ ਅੱਡਾ ਪ੍ਰਦਰਸ਼ਨਾਂ ਦੇ ਵਿਚਕਾਰ ਅਸਥਾਈ ਤੌਰ ’ਤੇ ਬੰਦ ਕਰ ਦਿੱਤਾ ਗਿਆ ਹੈ।
ਸਪਾਈਸਜੈੱਟ ਨੇ ਐਕਸ ’ਤੇ ਇੱਕ ਪੋਸਟ ਵਿੱਚ ਕਿਹਾ, “ ਕਾਠਮੰਡੂ ਵਿੱਚ ਮੌਜੂਦਾ ਸਥਿਤੀ ਦੇ ਕਾਰਨ 10 ਸਤੰਬਰ 2025 ਲਈ ਸਾਡੀਆਂ ਕਾਠਮੰਡੂ ਜਾਣ/ਆਉਣ ਵਾਲੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।”
ਇੱਕ ਸੂਤਰ ਨੇ ਦੱਸਿਆ ਕਿ ਏਅਰ ਇੰਡੀਆ ਐਕਸਪ੍ਰੈਸ ਨੇ ਬੁੱਧਵਾਰ ਨੂੰ ਬੈੰਗਲੁਰੂ ਤੋਂ ਕਾਠਮੰਡੂ ਦੀ ਆਪਣੀ ਉਡਾਣ ਰੱਦ ਕਰਨ ਦਾ ਫੈਸਲਾ ਕੀਤਾ ਹੈ।ਭਾਰਤ ਨੇ ਆਪਣੇ ਨਾਗਰਿਕਾਂ ਨੂੰ ਗੁਆਂਢੀ ਦੇਸ਼ ਦੀ ਸਥਿਤੀ ਸਥਿਰ ਹੋਣ ਤੱਕ ਯਾਤਰਾ ਸਥਗਿਤ ਕਰਨ ਲਈ ਕਿਹਾ।