ਭਾਰਤ-ਅਮਰੀਕਾ ਟੈਰਿਫ਼ ਮਾਮਲਾ: McDonals, Apple ਸਣੇ ਵੱਖ-ਵੱਖ ਅਮਰੀਕੀ ਬਰਾਂਡਾਂ ਖਿਲਾਫ਼ ਉੱਠੀ ਵਿਰੋਧ ਦੀ ਆਵਾਜ਼
ਟਰੰਪ ਵੱਲੋਂ ਭਾਰਤ ‘ਤੇ ਲਾਏ ਗਏ ਟੈਰਿਫ਼ਾਂ ਤੋਂ ਬਾਅਦ MCDONALDs ਅਤੇ ਕੋਕਾ-ਕੋਲਾ ਤੋਂ ਲੈ ਕੇ ਐਮਾਜ਼ੋਨ (AMAZON) ਅਤੇ ਐਪਲ (APPLE) ਤੱਕ ਅਮਰੀਕਾ ਅਧਾਰਿਤ ਬਹੁਕੌਮੀ ਕੰਪਨੀਆਂ ਨੁੂੰ ਭਾਰਤ ਵਿੱਚ ਬਾਈਕਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮਰਥਕ ਅਮਰੀਕੀ ਟੈਰਿਫਾਂ ਦੇ ਵਿਰੋਧ ਵਿੱਚ ਅਮਰੀਕਾ ਵਿਰੋਧੀ ਭਾਵਨਾਵਾਂ ਨੂੰ ਹੁਲਾਰਾ ਦੇ ਰਹੇ ਹਨ।
ਭਾਰਤ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੋਣ ਕਾਰਨ ਅਮਰੀਕੀ ਬਰਾਂਡਾਂਂ ਲਈ ਇੱਕ ਮੁੱਖ ਬਾਜ਼ਾਰ ਹੈ। ਭਾਰਤ ਵਿੱਚ ਬਹੁਤ ਸਾਰੇ ਲੋਕ ਕੌਮਾਂਤਰੀ ਲੇਬਲਾਂ ਵੱਲ ਝੁਕਾਅ ਰੱਖਦੇ ਹਨ ਅਤੇ ਅਜਿਹਾ ਕਰਨ ਨੂੰ ਸਮਾਜਿਕ ਰੁਤਬੇ ਦੇ ਤੌਰ ‘ਤੇ ਦੇਖਦੇ ਹਨ।
ਮਿਸਾਲ ਵਜੋਂ, ਭਾਰਤ, ਮੇਟਾ (META) ਦੇ ਵਟਸਐਪ (WHATSAAP) ਯੂਜ਼ਰਾਂ ਲਈ ਸਭ ਤੋਂ ਵੱਡਾ ਬਾਜ਼ਾਰ ਹੈ। ਭਾਰਤ ਵਿੱਚ ਡੋਮਿਨੋਜ਼ (DOMINOS) ਦੇ ਕਿਸੇ ਵੀ ਹੋਰ ਬਰਾਂਡ ਨਾਲੋਂ ਜ਼ਿਆਦਾ ਰੈਸਟੋਰੈਂਟ ਹਨ। ਪੈਪਸੀ (PEPSI) ਅਤੇ ਕੋਕਾ-ਕੋਲਾ (COCA -COLA) ਵਰਗੇ ਪੀਣ ਪਦਾਰਥਾਂ ਦੀ ਭਾਰਤ ਵਿੱਚ ਵੱਡੇ ਪੱਧਰ ਤੇ ਵਰਤੋਂ ਕੀਤੀ ਜਾਂਦੀ ਹੈ।
ਇਸ ਤੋਂ ਇਲਾਵਾ ਭਾਰਤ ਵਿੱਚ ਐਪਲ (APPLE) ਦਾ ਨਵਾਂ ਮਾਡਲ ਲਾਂਚ ਹੁੰਦੇ ਹੀ ਐਪਲ (APPLE) ਸਟੋਰਾਂ ‘ਤੇ ਲੋਕਾਂ ਦੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ। ਸਟਾਰਬਕਸ (STARBUCKS) ਦੇ ਕੈਫੇ ਵੀ ਭਾਰਤ ਦੇ ਲਗਭਗ ਹਰ ਸ਼ਹਿਰ ਵਿੱਚ ਮੌਜੂਦ ਹਨ।
ਹਾਲਾਂਕਿ ਹਾਲੇ ਤੱਕ ਇਨ੍ਹਾਂ ਅਮਰੀਕਾ ਅਧਾਰਤ ਵਸਤਾਂ ਦੀ ਵਿਕਰੀ ਪ੍ਰਭਾਵਿਤ ਹੋਣ ਦਾ ਕੋਈ ਸੰਕੇਤ ਨਹੀਂ ਮਿਲਿਆ ਪਰ ਅਮਰੀਕੀ ਸਦਰ ਡੋਨਲਡ ਟਰੰਪ ਵੱਲੋਂ ਭਾਰਤ ‘ਤੇ 50 ਫ਼ੀਸਦੀ ਟੈਰਿਫ ਲਗਾਉਣ ਤੋਂ ਬਾਅਦ ਸਵਦੇਸ਼ੀ ਵਸਤਾਂ ਖਰੀਦਣ ਅਤੇ ਅਮਰੀਕੀ ਉਤਪਾਦਾਂ ਨੂੰ ਛੱਡਣ ਲਈ ਸੋਸ਼ਲ ਮੀਡੀਆ ਉਤੇ ਅਤੇ ਨਾਲ ਹੀ ਆਫ਼ਲਾਈਨ ਦੋਵੇਂ ਤਰ੍ਹਾਂ ਰੋਸ ਵਜੋਂ ਆਵਾਜ਼ ਉੱਠਦੀ ਵੇਖੀ ਜਾ ਰਹੀ ਹੈ।
ਗ਼ੌਰਤਲਬ ਹੈ ਕਿ ਇਸ ਸਮੁੱਚੇ ਘਟਨਾਚੱਕਰ ਨਾਲ ਨਵੀਂ ਦਿੱਲੀ ਅਤੇ ਵਾਸ਼ਿੰਗਟਨ ਵਿਚਕਾਰ ਸਬੰਧਾਂ ਨੂੰ ਨੁਕਸਾਨ ਪਹੁੰਚਿਆ ਹੈ।
ਉੱਧਰ ਅਮਰੀਕਾ ਵਿਰੁੱਧ ਵਿਰੋਧ ਪ੍ਰਦਰਸ਼ਨਾਂ ਦੇ ਬਾਵਜੂਦ ਟੇਸਲਾ ਨੇ ਨਵੀਂ ਦਿੱਲੀ ਵਿੱਚ ਭਾਰਤ ਵਿਚਲਾ ਆਪਣਾ ਦੂਜਾ ਸ਼ੋਅਰੂਮ ਲਾਂਚ ਕੀਤਾ ਹੈ, ਜਿਸ ਦੇ ਉਦਘਾਟਨ ਮੌਕੇ ਭਾਰਤੀ ਵਣਜ ਮੰਤਰਾਲੇ ਦੇ ਅਧਿਕਾਰੀਆਂ ਅਤੇ ਅਮਰੀਕੀ ਦੂਤਾਵਾਸ ਦੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ ਸੀ।