ਅਮਰੀਕਾ ’ਤੇ ਸੌ ਫ਼ੀਸਦ ਟੈਰਿਫ਼ ਲਗਾਏ ਭਾਰਤ: ਕੇਜਰੀਵਾਲ
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਮੰਗ ਕੀਤੀ ਕਿ ਭਾਰਤ ਵੀ ਅਮਰੀਕੀ ਦਰਾਮਦਾਂ ’ਤੇ ਵਾਧੂ ਟੈਰਿਫ ਲਗਾਏ ਅਤੇ ਕਿਹਾ ਕਿ ਪੂਰਾ ਦੇਸ਼ ਇਸ ਫੈਸਲੇ ਦਾ ਸਮਰਥਨ ਕਰੇਗਾ। ਪਾਰਟੀ ਦਫ਼ਤਰ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਦੋਸ਼ ਲਗਾਇਆ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਅਮਰੀਕਾ ਤੋਂ ਆਯਾਤ ਕੀਤੀ ਜਾਣ ਵਾਲੀ ਕਪਾਹ ’ਤੇ 11 ਫ਼ੀਸਦ ਟੈਰਿਫ ਮੁਆਫ਼ ਕਰਨ ਦੇ ਫੈਸਲੇ ਦਾ ਇੱਥੋਂ ਦੇ ਸਥਾਨਕ ਕਿਸਾਨਾਂ ਦੇ ਕਾਰੋਬਾਰ ’ਤੇ ਅਸਰ ਪੈ ਸਕਦਾ ਹੈ।
‘ਆਪ’ ਮੁਖੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਫੈਸਲਾ ਭਾਰਤ ਦੇ ਕਿਸਾਨਾਂ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨੂੰ ਅਮਰੀਕੀ ਦਰਾਮਦਾਂ ’ਤੇ ਵਾਧੂ ਟੈਰਿਫ ਲਗਾਉਣਾ ਚਾਹੀਦਾ ਹੈ। ਕੇਜਰੀਵਾਲ ਨੇ ਕਿਹਾ, “ਦੂਜੇ ਦੇਸ਼ਾਂ ਅੱਗੇ ਝੁਕਣਾ ਨਹੀਂ ਚਾਹੀਦਾ। ਉਨ੍ਹਾਂ ਨੇ ਵਾਧੂ ਟੈਰਿਫ ਲਗਾਏ। ਸਾਨੂੰ ਵੀ ਵਾਧੂ ਟੈਰਿਫ ਲਗਾਉਣੇ ਚਾਹੀਦੇ ਹਨ। ਜੇਕਰ ਅਮਰੀਕਾ 50 ਪ੍ਰਤੀਸ਼ਤ ਟੈਰਿਫ ਲਗਾ ਰਿਹਾ ਹੈ, ਤਾਂ ਸਾਨੂੰ ਟੈਰਿਫ ਨੂੰ ਦੁੱਗਣਾ ਕਰਕੇ 100 ਪ੍ਰਤੀਸ਼ਤ ਕਰਨਾ ਚਾਹੀਦਾ ਹੈ। ਪੂਰਾ ਦੇਸ਼ ਇਸ ਫ਼ੈਸਲੇ ਦਾ ਸਮਰਥਨ ਕਰੇਗਾ। ਕੋਈ ਵੀ ਦੇਸ਼ ਭਾਰਤ ਨੂੰ ਪਰੇਸ਼ਾਨ ਨਹੀਂ ਕਰ ਸਕਦਾ। ਸਾਡਾ ਦੇਸ਼ 140 ਕਰੋੜ ਲੋਕਾਂ ਦਾ ਦੇਸ਼ ਹੈ।” ਕੇਜਰੀਵਾਲ ਨੇ ਐਕਸ ਉਪਰ ਲਿਖਿਆ ਕਿ ਮੋਦੀ ਸਰਕਾਰ ਨੇ 31 ਦਸੰਬਰ ਤੱਕ ਅਮਰੀਕੀ ਕਪਾਹ ’ਤੇ ਟੈਰਿਫ ਮੁਆਫ਼ ਕਰ ਦਿੱਤਾ ਹੈ। ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੋਦੀ ਨੇ ਟਰੰਪ ਅੱਗੇ ਪੂਰੀ ਤਰ੍ਹਾਂ ਆਤਮ ਸਮਰਪਣ ਕਰ ਦਿੱਤਾ ਹੈ। ਇਹ ਨਾ ਸਿਰਫ਼ ਕਿਸਾਨਾਂ, ਉਦਯੋਗਾਂ ਅਤੇ ਰੁਜ਼ਗਾਰ ਲਈ ਖ਼ਤਰਨਾਕ ਹੈ, ਸਗੋਂ 140 ਕਰੋੜ ਭਾਰਤੀਆਂ ਦੀ ਇੱਜ਼ਤ ’ਤੇ ਵੀ ਹਮਲਾ ਹੈ। ਉਨ੍ਹਾਂ ਸਵਾਲ ਕੀਤਾ ਕਿ ਮੋਦੀ ਜੀ ਟਰੰਪ ਅੱਗੇ ਕਿਉਂ ਝੁਕ ਰਹੇ ਹਨ? ਦੇਸ਼ ਜਾਣਨਾ ਚਾਹੁੰਦਾ ਹੈ ਕਿ ਉਨ੍ਹਾਂ ਦੀ ਕੀ ਮਜਬੂਰੀ ਹੈ? ਕੇਜਰੀਵਾਲ ਨੇ ਕਿਹਾ ਕਿ ਭਾਰਤ ਨੂੰ ਢੁਕਵਾਂ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਸ ਵੀ ਦੇਸ਼ ਨੇ ਟਰੰਪ ਨੂੰ ਬਹਾਦਰੀ ਨਾਲ ਜਵਾਬ ਦਿੱਤਾ, ਟਰੰਪ ਨੂੰ ਉਨ੍ਹਾਂ ਅੱਗੇ ਝੁਕਣਾ ਪਿਆ।